ਮੈਲਬਰਨ: ਆਸਟ੍ਰੇਲੀਆ ਦੀ Property Market ਦੇ 2023 ਦੇ ਅੰਤ ਤੱਕ ਮਹਾਂਮਾਰੀ ਵੇਲੇ ਦੀਆਂ ਕੀਮਤਾਂ ਮੁੜ ਪ੍ਰਾਪਤ ਕਰਨ ਦੀ ਉਮੀਦ ਹੈ। ਡੋਮੇਨ ਹਾਊਸ ਪ੍ਰਾਈਸ ਰਿਪੋਰਟ ਦੇ ਅਨੁਸਾਰ, ਔਸਤ ਰਾਸ਼ਟਰੀ ਘਰ ਦੀ ਕੀਮਤ ਮਹਾਂਮਾਰੀ ਦੇ ਪੱਧਰ ਤੱਕ ਪਹੁੰਚਣ ਤੋਂ ਸਿਰਫ 2,000 ਡਾਲਰ ਦੂਰ ਹੈ। ਇਹ ਰਿਪੋਰਟ 2022 ਵਿੱਚ ਹਾਊਸਿੰਗ ਅਤੇ ਯੂਨਿਟ ਦੀਆਂ ਕੀਮਤਾਂ ਵਿੱਚ ਇੱਕ ਮਹੱਤਵਪੂਰਨ ਗਿਰਾਵਟ ਤੋਂ ਬਾਅਦ ਆਈ ਹੈ ਜੋ ਕਿ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਰਿਕਾਰਡ ਕੀਤੀ ਗਈ ਗਿਰਾਵਟ ਸੀ।
Property Market ਦੇ ਅਜੋਕੇ ਹਾਲਾਤ
ਮੰਦੀ ਦੇ ਦੌਰਾਨ, ਸਿਡਨੀ ਦੇ ਘਰਾਂ ਦੀਆਂ ਔਸਤ ਕੀਮਤਾਂ ’ਚ 148,092 ਡਾਲਰ ਦੀ ਕਮੀ ਵੇਖੀ ਗਈ, ਜਦਕਿ ਬ੍ਰਿਸਬੇਨ ਨੂੰ 47,381 ਡਾਲਰ ਦਾ ਨੁਕਸਾਨ ਹੋਇਆ। ਸਿਡਨੀ ਨੇ ਹੁਣ ਤੱਕ 135,705 ਡਾਲਰ ਅਤੇ ਬ੍ਰਿਸਬੇਨ ਨੇ 39,020 ਡਾਲਰ ਦੇ ਨੁਕਸਾਨ ਦੀ ਭਰਪਾਈ ਕਰ ਲਈ ਹੈ। ਵੀਰਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਬ੍ਰਿਸਬੇਨ ਅਤੇ ਸਿਡਨੀ ਦੇ ਪਿਛਲੇ ਉੱਚੇ ਪੱਧਰਾਂ ਨੂੰ ਪਾਰ ਕਰਨ ਦੀ ਉਮੀਦ ਦੇ ਨਾਲ ਸਾਰੇ ਰਾਜਧਾਨੀ ਸ਼ਹਿਰਾਂ ’ਚ ਕੀਮਤਾਂ ਦਾ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਪਰਥ ਅਤੇ ਐਡੀਲੇਡ ਮਕਾਨਾਂ ਦੀਆਂ ਕੀਮਤਾਂ ’ਚ ਮੰਦੀ ਤੋਂ ਬਚਣ ਵਿੱਚ ਕਾਮਯਾਬ ਰਹੇ ਅਤੇ ਹਾਲ ਹੀ ਵਿੱਚ ਰਿਕਾਰਡ ਕੀਮਤਾਂ ਦਰਜ ਕੀਤੀਆਂ ਹਨ।
ਭਾਵੇਂ ਕੀਮਤਾਂ ’ਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ, ਖੋਜ ਅਤੇ ਅਰਥ ਸ਼ਾਸਤਰ ਦੇ ਡੋਮੇਨ ਮੁਖੀ ਡਾ. ਨਿਕੋਲਾ ਪਾਵੇਲ ਨੇ ਕਿਹਾ ਕਿ ਕੀਮਤ ’ਚ ਵਾਧਾ ਹੌਲੀ ਹੋ ਗਿਆ ਹੈ। ਉਨ੍ਹਾਂ ਕਿਹਾ, ‘‘ਸਾਲ ਦੀ ਸ਼ੁਰੂਆਤ ’ਚ ਕੀਮਤਾਂ ਕਾਫ਼ੀ ਵਧੀਆਂ, ਪਰ ਹੁਣ ਭਾਵੇਂ ਕੀਮਤਾਂ ਵਧ ਰਹੀਆਂ ਹਨ ਪਰ ਵਾਧਾ ਮੱਧਮ ਹੈ, ਅਤੇ ਇਹ ਮੁੱਖ ਤੌਰ ’ਤੇ ਸਪਲਾਈ ਵਿੱਚ ਵਾਧੇ ਦੇ ਕਾਰਨ ਹੈ ਜੋ ਅਸੀਂ ਹੁਣੇ ਦੇਖਣਾ ਸ਼ੁਰੂ ਕੀਤਾ ਹੈ।’’