ਵਿਸ਼ਵ ’ਚ ਸ਼ਰਨਾਰਥੀਆਂ ਦੀ ਗਿਣਤੀ ਰਿਕਾਰਡ ਪੱਧਰ ’ਤੇ ਪੁੱਜੀ : United Nations

ਮੈਲਬਰਨ: United Nations ਦੇ ਸ਼ਰਨਾਰਥੀ ਹਾਈ ਕਮਿਸ਼ਨਰ ਫਿਲਿਪੋ ਗ੍ਰਾਂਡੀ ਨੇ ਐਲਾਨ ਕੀਤਾ ਹੈ ਕਿ ਦੁਨੀਆ ਭਰ ’ਚ ਵਿਸਥਾਪਿਤ ਲੋਕਾਂ (Refugees) ਦੀ ਗਿਣਤੀ ਰਿਕਾਰਡ 114 ਮਿਲੀਅਨ ਤੱਕ ਪਹੁੰਚ ਗਈ ਹੈ। ਇਹ ਅੰਕੜਾ ਦਰਸਾਉਂਦਾ ਹੈ ਕਿ ਦੁਨੀਆ ਭਰ ਵਿੱਚ ਹਰ 73 ’ਚੋਂ ਇੱਕ ਵਿਅਕਤੀ ਸ਼ਰਨਾਰਥੀ ਹੈ। ਸਾਲ ਦੀ ਪਹਿਲੀ ਛਿਮਾਹੀ ਵਿੱਚ, 1.6 ਮਿਲੀਅਨ ਲੋਕਾਂ ਨੇ ਸ਼ਰਣ ਲਈ ਅਰਜ਼ੀ ਦਿੱਤੀ, ਜੋ ਕਿ ਅੱਧੇ ਸਾਲ ਦੀ ਮਿਆਦ ਵਿੱਚ ਸਭ ਤੋਂ ਵੱਧ ਸੰਖਿਆ ਹੈ। ਏਜੰਸੀ ਨੇ ਕਿਹਾ ਕਿ ਜੂਨ ਅਤੇ ਸਤੰਬਰ ਵਿਚਕਾਰ 4 ਮਿਲੀਅਨ ਲੋਕ ਵਿਸਥਾਪਿਤ ਹੋਏ, ਅਤੇ ਇਨ੍ਹਾਂ ’ਚ ਮੱਧ ਪਛਮੀ ਏਸ਼ੀਆ ’ਚ ਚਲ ਰਹੇ ਗਾਜ਼ਾ ਸੰਘਰਸ਼ ਕਾਰਨ ਉੱਜੜੇ 1.4 ਮਿਲੀਅਨ ਲੋਕ ਸ਼ਾਮਲ ਨਹੀਂ ਹਨ।

ਆਸਟ੍ਰੇਲੀਆਈ ਸਰਕਾਰ ਆਪਣੇ ਮਾਨਵਤਾਵਾਦੀ ਪੁਨਰਵਾਸ ਪ੍ਰੋਗਰਾਮ ਨੂੰ ਪ੍ਰਤੀ ਸਾਲ 27,000 ਸਥਾਨਾਂ ਅਤੇ 5,000 ਕਮਿਊਨਿਟੀ-ਸਪਾਂਸਰਡ ਸਥਾਨਾਂ ਤੱਕ ਵਧਾਉਣ ਲਈ ਵਚਨਬੱਧ ਹੈ। ਹਾਲਾਂਕਿ, ਸ਼ਰਨਾਰਥੀਆਂ ਹੱਕਾਂ ਦੇ ਹਮਾਇਤੀ ਸ਼ਰਣ ਮੰਗਣ ਦੀ ਪ੍ਰਕਿਰਿਆ ਨੂੰ ਨਿਰਪੱਖ ਅਤੇ ਵਧੇਰੇ ਮਨੁੱਖੀ ਬਣਾਉਣ ਲਈ ਹੋਰ ਉਪਾਵਾਂ ਦੀ ਮੰਗ ਕਰ ਰਹੇ ਹਨ।

ਸੁਡਾਨ, ਕਾਂਗੋ, ਮਿਆਂਮਾਰ ਅਤੇ ਯੂਕਰੇਨ ’ਚ ਸੰਘਰਸ਼ਾਂ ਦੇ ਨਾਲ-ਨਾਲ ਸੋਕੇ, ਹੜ੍ਹ ਅਤੇ ਅਫਗਾਨਿਸਤਾਨ ਵਿੱਚ ਚੱਲ ਰਹੇ ਸੰਕਟ ਨੇ ਵਿਸਥਾਪਨ ਵਿੱਚ ਵਾਧਾ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ। ਜ਼ਿਆਦਾਤਰ ਸ਼ਰਨਾਰਥੀ ਘੱਟ ਅਤੇ ਦਰਮਿਆਨੀ-ਆਮਦਨ ਵਾਲੇ ਦੇਸ਼ਾਂ ਦੇ ਹਨ। 2010 ’ਚ ਅਫ਼ਗਾਨਿਸਤਾਨ ਤੋਂ ਭੱਜ ਕੇ ਆਸਟ੍ਰੇਲੀਆ ਆਈ ਸਾਜਿਦਾ ਸਮਾ ਦਾ ਕਹਿਣਾ ਹੈ ਕਿ ਇਹ ਅੰਕੜੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੀ ਜ਼ਿੰਮੇਵਾਰੀ ਨੂੰ ਸਾਂਝਾ ਕਰਨ ਅਤੇ ਵਿਸਥਾਪਿਤ ਲੋਕਾਂ ਨੂੰ ਵੱਧ ਤੋਂ ਵੱਧ ਮਦਦ ਪ੍ਰਦਾਨ ਕਰਨ ਦੀ ਲੋੜ ’ਤੇ ਜ਼ੋਰ ਦਿੰਦੇ ਹਨ।

Leave a Comment