ਮੈਲਬਰਨ: ਆਸਟ੍ਰੇਲੀਅਨ ’ਚ ਜਿੰਮਾਂ ਦੀ ਲੜੀ ਚਲਾਉਣ ਵਾਲੀ ਕੰਪਨੀ F45 ਦੀਆਂ ਬ੍ਰਾਂਚਾਂ ਦਾ ਬੰਦ ਹੋਣਾ ਜਾਰੀ ਹੈ। ਲਿਕਵੀਡੇਟਰਾਂ ਨੇ ਕੋਵਿਡ-19 ਮਹਾਂਮਾਰੀ ਨੂੰ ਬ੍ਰਾਂਡ ਦੇ ਨਿਘਾਰ ਦਾ ਕਾਰਨ ਦਸਿਆ ਹੈ। ਆਪਣੇ ਸਿਖਰ ’ਤੇ F45 ਦੀ ਕੀਮਤ 2 ਅਰਬ ਡਾਲਰ ਸੀ ਜਦੋਂ ਇਹ 45 ਮਿੰਟਾਂ ਦੀ ਗਰੁੱਪ ਕਸਰਤ ਦੀ ਪੇਸ਼ਕਸ਼ ਕਰਦਾ ਹੁੰਦਾ ਸੀ।
ਹਾਲਾਂਕਿ ਬ੍ਰਾਂਡ ਨੇ ਇਸ ਸਾਲ ਫਰਵਰੀ ਤੋਂ ਆਸਟ੍ਰੇਲੀਆ ਭਰ ਵਿੱਚ ਕਈ ਬ੍ਰਾਂਚਾਂ ਨੂੰ ਬੰਦ ਕਰ ਦਿੱਤਾ ਹੈ ਜਿਨ੍ਹਾਂ ਦੀ ਗਿਣਤੀ ਵਧਦੀ ਜਾਰੀ ਹੈ। F45 ਦੀ ਲਿਕਵੀਡੇਟਰ ਓਲਗਾ ਲਿਤੋਸ਼ ਨੇ ਕਿਹਾ ਕਿ ਉਹ ‘ਇਸ ਵੇਲੇ ਕੰਪਨੀ ਦੇ ਰਿਕਾਰਡਾਂ ਦੀ ਸਮੀਖਿਆ ਕਰ ਰਹੀ ਹੈ ਅਤੇ ਸਮੇਂ ਸਿਰ ਲੈਣਦਾਰਾਂ ਨੂੰ ਰਿਪੋਰਟ ਕਰੇਗੀ।’ ਉਸ ਨੇ ਦੱਸਿਆ, ‘‘ਕੋਵਿਡ ਮਹਾਂਮਾਰੀ ਕਾਰਨ ਕੰਪਨੀ ਦੀ ਵਿਕਰੀ ਵਿੱਚ ਗਿਰਾਵਟ ਆਈ। ਭੁਗਤਾਨ ਨਾ ਹੋਣ ਕਾਰਨ ਕਰਜ਼ੇ ਵਧਦੇ ਹੀ ਗਏ।’’
ਲਿਤੋਸ਼ ਨੇ ਅੱਗੇ ਕਿਹਾ ਕਿ ‘‘ਜਿਮ ਦੇ ਉਪਕਰਨਾਂ ਦੀਆਂ ਕਈ ਚੀਜ਼ਾਂ ਵਰਤਮਾਨ ਵਿੱਚ ਇੱਕ ਔਨਲਾਈਨ ਨਿਲਾਮੀ ਵਿੱਚ ਵਿਕਰੀ ਲਈ ਰਖੀਆਂ ਕੀਤੀਆਂ ਗਈਆਂ ਹਨ।’’ ਇਸ ਦੌਰਾਨ, ਵਿਕਟੋਰੀਆ, NSW ਅਤੇ ਤਸਮਾਨੀਆ ਵਿੱਚ ਵੀ ਤਿੰਨ F45 ਬ੍ਰਾਂਚਾਂ ਨੇ ਹਾਲ ਹੀ ਵਿੱਚ ਲਿਕਵੀਡੇਟਰ ਨਿਯੁਕਤ ਕੀਤੇ ਹਨ। F45-ਬ੍ਰਾਂਡ ਵਾਲੇ ਸਾਮਾਨ ਫੇਸਬੁੱਕ ਮਾਰਕੀਟਪਲੇਸ ’ਤੇ ਵਿਕਰੀ ਲਈ ਪੇਸ਼ ਹਨ, ਜਿਸ ਵਿੱਚ ਕੇਟਲਬੈਲ, ਬੈਂਚ ਅਤੇ ਡੰਬਲ 3 ਡਾਲਰ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਸੂਚੀਬੱਧ ਹਨ।