- ਪ੍ਰੋ. ਹਰਪਾਲ ਸਿੰਘ ਪੰਨੂ ਨੇ ਕੀਤੀ ਵਿਸ਼ੇਸ਼ ਸ਼ਿਰਕਤ
- ਲੇਖਿਕਾ ਜੱਸੀ ਧਾਲੀਵਾਲ ਦਾ ‘ਆਸਟਰੇਲੀਅਨ ਯੁਵਾ ਪੰਜਾਬੀ ਕਹਾਣੀਕਾਰ ਪੁਰਸਕਾਰ’ ਨਾਲ ਸਨਮਾਨ
ਬ੍ਰਿਸਬੇਨ 22 ਅਕਤੂਬਰ (ਹਰਜੀਤ ਲਸਾੜਾ): ਇੱਥੇ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਸਿੱਖ ਧਰਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਪਾਏ ਸਿੱਖ ਸਮਾਜ ਲਈ ਅਣਮੁੱਲੇ ਯੋਗਦਾਨ ਬਾਬਤ ਵਿਚਾਰ ਗੋਸ਼ਟੀ ਸਮਾਰੋਹ ਐਤਵਾਰ, 22 ਅਕਤੂਬਰ ਨੂੰ ਸਿੱਖ ਐਜੂਕੇਸ਼ਨ ਐਂਡ ਵੈਲਫੇਅਰ ਸੈਂਟਰ, ਬਿਸ੍ਰਬੇਨ ਸਿੱਖ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਮਾਝਾ ਯੂਥ ਕਲੱਬ ਦੇ ਬੱਚਿਆਂ ਵੱਲੋਂ ਸ਼ਬਦ ਕੀਰਤਨ ਨਾਲ ਹੋਈ। ਮੰਚ ਸੰਚਾਲਕ ਹਰਮਨਦੀਪ ਗਿੱਲ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਅਤੇ ਲੇਖਿਕਾ ਜੱਸੀ ਧਾਲੀਵਾਲ ‘ਤੇ ਪਰਚਾ ਪੜ੍ਹਿਆ।
ਬੱਚੀ ਸਹਿਜਰੀਤ ਕੌਰ ਅਤੇ ਰੀਤਪਾਲ ਕੌਰ ਦੀ ਪੰਜਾਬੀ ਕਵਿਤਾ ਸਰਾਹੀ ਗਈ। ਦਿਨੇਸ਼ ਸ਼ੇਖੂਪੁਰੀ ਨੇ ਆਪਣੀ ਕਵਿਤਾ ‘ਚ ਧਰਮ ਅਤੇ ਸਮਾਜਿਕ ਵਰਤਾਰਿਆਂ ਨੂੰ ਬਾਖੂਬੀ ਪਰੋਸਿਆ। ਬ੍ਰਿਸਬੇਨ ਤੋਂ ਗ਼ਜ਼ਲਗੋ ਜਸਵੰਤ ਵਾਗਲਾ ਦੀ ਤਿੱਖੀ ਸ਼ਾਇਰੀ ਨੂੰ ਸਲਾਹਿਆ ਗਿਆ ਅਤੇ ਉਹਨਾਂ ਗਿਆਨੀ ਜੀ ਦੀ ਯਾਦ ਵਿੱਚ ਪ੍ਰੋਗਰਾਮ ਉਲੀਕਣੇ ਸਮੇਂ ਦੀ ਮੰਗ ਕਿਹਾ।
ਵਰਿੰਦਰ ਅਲੀਸ਼ੇਰ ਨੇ ਦੱਸਿਆ ਕਿ ਸਿੱਖ ਧਰਮ ਵਿੱਚ ਅਨੇਕਾਂ ਹੀ ਵਿਦਵਾਨ, ਸੂਰਬੀਰ ਯੋਧੇ ਅਤੇ ਸਮਾਜ-ਸੁਧਾਰਕ ਪੈਦਾ ਹੋਏ ਹਨ ਜਿਹਨਾਂ ਦੀ ਸਿੱਖ ਇਤਿਹਾਸ ਵਿੱਚ ਚਰਚਾ ਨਾਂਹ ਦੇ ਬਰਾਬਰ ਹੀ ਹੋਈ ਹੈ ਅਤੇ ਦਿੱਤ ਸਿੰਘ ਵੀ ਸਾਡੀ ਅਣਗੌਲਿਆਂ ਦੀ ਸੂਚੀ ‘ਚੋਂ ਇਕ ਹਨ।
ਮਾਝਾ ਯੂਥ ਕਲੱਬ ਤੋਂ ਗੁਰਵਿੰਦਰ ਕੌਰ ਅਨੁਸਾਰ ਇਤਿਹਾਸ ਦੀ ਸਿਰਜਣਾ ਇਹ ਕਹਿ ਕਿ ਨਹੀਂ ਕੀਤੀ ਜਾ ਸਕਦੀ ਕਿ ਮੈਨੂੰ ਇਤਿਹਾਸ ਸਿਰਜਣ ਦਿਉ; ਉਸ ਲਈ ਸਿਦਕ, ਕਰੜੀ ਘਾਲਣਾ, ਵਿਰੋਧ, ਤਸ਼ੱਦਤ ਜ਼ੁਲਮ ਦੇ ਖਿਲਾਫ ਅਵਾਜ਼ ਬੁਲੰਦ ਕਰਨੀ ਪੈਦੀ ਹੈ ਜੋ ਕਿ ਗਿਆਨੀ ਜੀ ਉਸ ਦੀ ਜਿਊਦੀ ਜਾਗਦੀ ਮਿਸਾਲ ਹਨ।
ਰਸ਼ਪਾਲ ਹੇਅਰ ਨੇ ਆਪਣੀ ਸੰਖੇਪ ਤਕਰੀਰ ‘ਚ ਸ਼ਹਿਰ ‘ਚ ਪੰਜਾਬੀ ਭਾਈਚਾਰੇ ਦੇ ਪਸਾਰ ਅਤੇ ਪ੍ਰਾਪਤੀਆਂ ‘ਤੇ ਪੰਛੀ ਝਾਤ ਪਾਈ। ਬਹਾਦਰ ਸਿੰਘ ਅਤੇ ਗੁਰਜਿੰਦਰ ਸੰਧੂ ਨੇ ਗਿਆਨੀ ਜੀ ਦੇ ਜੀਵਨ ‘ਤੇ ਬਰੀਕ ਝਾਤ ਪਾਉਂਦਿਆਂ ਕਿਹਾ ਕਿ ਚਾਹੇ ਅਸੀਂ ਇਸ ਮਹਾਨ ਸ਼ਖਸ਼ੀਅਤ ਨੂੰ ਸਦੀ ਬਾਅਦ ਹੀ ਯਾਦ ਕਰ ਰਹੇ ਹਾਂ। ਪਰ ਸ਼ੁਰੂਆਤ ਹੋਈ ਹੈ, ਇਹ ਸਿੱਖ ਕੌਮ ਲਈ ਸ਼ੁੱਭ ਸ਼ਗਨ ਹੈ। ਅਦਬੀ ਕੌਂਸਲ ਦੇ ਪ੍ਰਧਾਨ ਸ਼ੋਏਬ ਜ਼ੈਦੀ ਨੇ ਸਿੱਖੀ ਮਹਾਨਤਾ ਅਤੇ ਪਸਾਰ ਨੂੰ ਅਜੋਕੇ ਸਮੇਂ ‘ਚ ਹਰ ਪੰਜਾਬੀ ਦੇ ਘਰ ਦੀ ਲੋੜ ਦੱਸਿਆ।
ਦਲਜੀਤ ਸਿੰਘ ਵੱਲੋਂ ਗਿਆਨੀ ਜੀ ਦੇ ਹਵਾਲਿਆਂ ਨਾਲ ਦੱਸਿਆ ਕਿ ਉਹਨਾਂ ਦੇ ਕਾਰਜ਼ ਸਮੂਹ ਭਾਈਚਾਰਿਆਂ ਦੀ ਸਾਂਝੀ ਨੁਮਾਇੰਦਗੀ ਕਰਦੇ ਸਨ। ਇਸ ਲਈ ਉਹਨਾਂ ਨੂੰ ਕਿਸੇ ਇੱਕ ਵਰਗ ਨਾਲ ਜੋੜਨਾ ਬੱਜ਼ਰ ਭੁੱਲ ਹੋਵੇਗੀ। ਗੀਤਕਾਰ ਨਿਰਮਲ ਦਿਓਲ ਨੇ ਆਪਣੀ ਕਵਿਤਾ ਅਤੇ ਤਕਰੀਰ ਰਾਹੀਂ ਗਿਆਨੀ ਜੀ ਦੇ ਜੀਵਨ ‘ਤੇ ਵਿਚਾਰਾਂ ਕੀਤੀਆਂ ਅਤੇ ਦੱਸਿਆ ਕਿ ਇਸ ਮਹਾਨ ਸ਼ਖ਼ਸੀਅਤ ਨੂੰ ਜਾਣ-ਬੁੱਝ ਕੇ ਅੱਖੋਂ ਪਰੋਖੇ ਕੀਤਾ ਗਿਆ। ਉਹਨਾਂ ਲੋਕਾਈ ਦੇ ਨਾਲ-ਨਾਲ ਸਰਕਾਰਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਇਸ ਬਾਬਤ ਗੰਭੀਰ ਚਿੰਤਨ ਲਈ ਪ੍ਰੇਰਿਆ।
ਇਸ ਸਮਾਰੋਹ ਦੇ ਵਿਸ਼ੇਸ਼ ਬੁਲਾਰੇ ਹਰਪਾਲ ਸਿੰਘ ਪੰਨੂ ਨੇ ਗਿਆਨੀ ਜੀ ਦੇ ਵਿਚਾਰਾਂ ‘ਤੇ ਸੰਜੀਦਾ ਝਾਤ ਪਾਉਂਦਿਆਂ ਦੱਸਿਆ ਕਿ ਗਿਆਨੀ ਜੀ 18ਵੀਂ ਸਦੀ ਦੇ ਮਹਾਨ ਵਿਦਵਾਨ ਹੋਏ ਹਨ। ਉਹਨਾਂ ਅਨੁਸਾਰ ਗਿਆਨੀ ਜੀ ਨੇ ਸਰਲ ਸ਼ਬਦਾਵਲੀ ਵਿੱਚ ਮਨੁੱਖੀ ਜੀਵਨ-ਜਾਂਚ, ਪੰਜਾਬੀ ਭਾਸ਼ਾ ਲਈ ਕੀਤੀ ਘਾਲਣਾ ਦੇ ਨਾਲ-ਨਾਲ ਗੁਰਬਾਣੀ ਦੇ ਹਵਾਲੇ ਨਾਲ ਮਨੁੱਖ ਬਨਾਮ ਪਰਮਾਤਮਾ ਰੂਪ ਨੂੰ ਤਰਤੀਬ ਵਿੱਚ ਸਮਝਾਇਆ। ਉਹਨਾਂ ‘ਵਿਚਾਰ-ਗੋਸ਼ਟੀ’ ਦੀ ਅਸਲ ਪਰਿਭਾਸ਼ਾ ਦਾ ਵਿਖਿਆਨ ਵੀ ਕੀਤਾ। ਉਹਨਾਂ ਗਿਆਨੀ ਜੀ ਦੀ ਭਵਿੱਖੀ ਸੋਚ ਦੇ ਹਵਾਲੇ ਨਾਲ ਗੁਰਬਾਣੀ ਬਨਾਮ ਸਾਇੰਸ ਨੂੰ ਸਮਝਾਉਂਦਿਆਂ ਸਿੱਖ ਧਰਮ ਵਿੱਚ ਸਾਖੀਆਂ ਦੀ ਧਾਰਮਿਕ ਮਹੱਤਤਾ ਨੂੰ ਬਖੂਬੀ ਬਿਆਨਿਆ। ਇਸ ਵਿਚਾਰ ਗੋਸ਼ਟੀ ਵਿੱਚ ਸ਼ਹਿਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਭਰਵੀ ਹਾਜ਼ਰੀ ਲਗਵਾਈ।
ਅੰਤ ਵਿੱਚ ਲੇਖਕ ਸਭਾ ਵੱਲੋਂ ਪ੍ਰੋ. ਹਰਪਾਲ ਸਿੰਘ ਪੰਨੂ ਦਾ ਸਨਮਾਨ ਅਤੇ ਜੱਸੀ ਧਾਲੀਵਾਲ ਦਾ ‘ਆਸਟਰੇਲੀਅਨ ਯੁਵਾ ਪੰਜਾਬੀ ਕਹਾਣੀਕਾਰ ਪੁਰਸਕਾਰ’ ਨਾਲ ਸਨਮਾਨ ਕੀਤਾ ਗਿਆ। ਗੁਰੂਘਰ ਕਮੇਟੀ ਵੱਲੋਂ ਸਾਂਝੇ ਤੌਰ ‘ਤੇ ਇਸ ਵਿਲੱਖਣ ਉਪਰਾਲੇ ਲਈ ਸਾਰੇ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਅਗਾਂਹ ਵੀ ਗੁਰਬਾਣੀ ਅਤੇ ਪੰਜਾਬੀ ਭਾਸ਼ਾ ਦੇ ਪਸਾਰੇ ਤਹਿਤ ਇਹ ਉੱਦਮ ਹੁੰਦੇ ਰਹਿਣਗੇ। ਇਸ ਬੈਠਕ ਵਿੱਚ ਸਾਂਝੀਵਾਲਤਾ ਦੇ ਸੁਨੇਹੇ ਤਹਿਤ ਮਹਾਨ ਸ਼ਖ਼ਸੀਅਤ ਗਿਆਨੀ ਦਿੱਤ ਸਿੰਘ ਜੀ ਦਾ ਚਿੰਤਨ ਅਤੇ ਵਿਚਾਰਾਂ ਸਮੁੱਚੇ ਭਾਈਚਾਰੇ ਲਈ ਚੰਗੇ ਭਵਿੱਖੀ ਮਾਪ-ਦੰਡ ਸਿਰਜ ਗਿਆ।
ਦੱਸਣਯੋਗ ਹੈ ਕਿ ਭਾਈ ਦਿੱਤ ਸਿੰਘ ਜੀ ਪਹਿਲੀ ਅਜਿਹੀ ਸਿੱਖ ਸ਼ਖਸ਼ੀਅਤ ਸਨ ਜਿਹਨਾਂ ਬਪਰੀਤ ਪ੍ਰਸਥਿੱਤੀਆਂ ਦੇ ਹੁੰਦੇ ਹੋਏ ਵੀ ਸਿੱਖੀ ਦੇ ਪਸਾਰੇ ਅਤੇ ਪੰਜਾਬੀ ਜ਼ੁਬਾਨ ਲਈ ਇਕੱਲਿਆਂ ਝੰਡਾ ਬੁਲੰਦ ਕੀਤਾ ਸੀ। ਭਾਈ ਦਿੱਤ ਸਿੰਘ ਨੂੰ ਪੰਜਾਬੀ ਪੱਤਰਕਾਰੀ ਦਾ ‘ਪਿਤਾਮਾ’ ਕਿਹਾ ਜਾ ਸਕਦਾ ਹੈ। 51 ਸਾਲ ਦੀ ਉਮਰ ‘ਚ ਇਸ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਭਾਈ ਸਾਹਿਬ ਨੇ ਲਗਭਗ 52 ਪੁਸਤਕਾਂ ਲਿਖੀਆਂ, ਜਿਨ੍ਹਾਂ ਦੀ ਮੌਲਿਕਤਾ ਤੇ ਤਾਜ਼ਗੀ ਨੂੰ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ।