ਮੈਲਬਰਨ: ਭਾਰਤ ’ਚ ਹੋ ਰਹੇ ਕ੍ਰਿਕੇਟ ਵਿਸ਼ਵ ਕੱਪ 2023 ਦਾ ਰੋਮਾਂਚ ਉਦੋਂ ਸਿਖਰਾਂ ’ਤੇ ਪੁੱਜ ਗਿਆ ਜਦੋਂ ਦੋਹਾਂ ਸਿਖਰਲੀਆਂ ਟੀਮਾਂ ਵਿਚਕਾਰ ਦਰਸ਼ਕਾਂ ਨੂੰ ਬੇਹੱਦ ਰੋਮਾਂਚਕ ਮੈਚ ਵੇਖਣ ਨੂੰ ਮਿਲਿਆ। ਨਿਊਜ਼ੀਲੈਂਡ ਦੇ ਬੱਲੇਬਾਜ਼ ਡੈਰਿਲ ਮਿਸ਼ੇਲ ਦੀਆਂ ਤਾਬੜਤੋੜ 130 ਦੌੜਾਂ ਅਤੇ ਰਚਿਨ ਰਵਿੰਦਰਾ (75) ਨਾਲ 159 ਦੌੜਾਂ ਦੀ ਸਾਂਝੇਦਾਰੀ ਨਾਲ ਇੱਕ ਸਮੇਂ ਲਗ ਰਿਹਾ ਸੀ ਕਿ ਟੀਮ 300 ਤੋਂ ਵੱਧ ਦੌੜਾਂ ਬਣਾਉਣ ’ਚ ਸਫ਼ਲ ਰਹੇਗੀ। ਪਰ ਬਾਅਦ ਦੇ ਓਵਰਾਂ ’ਚ ਕੱਸੀ ਹੋਈ ਭਾਰਤੀ ਗੇਂਦਬਾਜ਼ੀ ਅਤੇ ‘ਪਲੇਅਰ ਆਫ਼ ਦ ਮੈਚ’ ਐਲਾਨੇ ਗਏ ਮੁਹੰਮਦ ਸ਼ਮੀ ਵੱਲੋਂ 5 ਵਿਕਟਾਂ ਲੈਣ ਕਾਰਨ ਵਿਸ਼ਵ ਕੱਪ ਦੀ ਪ੍ਰਮੁੱਖ ਦਾਅਵੇਦਾਰ ਮੰਨੀ ਜਾ ਰਹੀ ਨਿਊਜ਼ੀਲੈਂਡ ਦੀ ਟੀਮ 273 ਦੌੜਾਂ ’ਤੇ ਹੀ ਸਿਮਟ ਗਈ। ਭਾਰਤੀ ਟੀਮ ਨੇ 48 ਓਵਰਾਂ ’ਚ ਹੀ ਛੇ ਵਿਕਟਾਂ ਗੁਆ ਕੇ ਟੀਚਾ ਪੂਰਾ ਕਰ ਲਿਆ। ਪਰ ਮੈਚ ਦਾ ਰੋਮਾਂਚ ਕਦੇ ਵੀ ਘੱਟ ਨਹੀਂ ਹੋਇਆ।
ਭਾਰਤੀ ਬੱਲੇਬਾਜ਼ੀ ਦੀ ਸ਼ੁਰੂਆਤ ਚੰਗੀ ਰਹੀ ਅਤੇ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ 71 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ੁਭਮਨ ਗਿੱਲ ਨੇ ਇਸ ਮੈਚ ਦੌਰਾਨ ਇਕ ਦਿਨਾਂ ਮੈਚਾਂ ’ਚ ਆਪਣੀਆਂ 2000 ਦੌੜਾਂ ਪੂਰੀਆਂ ਕਰ ਲਈਆਂ ਜੋ ਕਿ ਕਿਸੇ ਵੀ ਬੱਲੇਬਾਜ਼ ਵੱਲੋਂ ਹੁਣ ਤਕ ਸਭ ਤੋਂ ਤੇਜ਼ੀ ਨਾਲ ਬਣਾਈਆਂ ਦੌੜਾਂ ਹਨ। ਉਸ ਨੇ 38 ਮੈਚਾਂ ’ਚ ਇਹ ਰਿਕਾਰਡ ਬਣਾ ਕੇ ਦਖਣੀ ਅਫ਼ਰੀਕਾ ਦੇ ਹਾਸ਼ਿਮ ਅਮਲਾ ਦਾ 40 ਮੈਚਾਂ ’ਚ 2000 ਦੌੜਾਂ ਬਣਾਉਣਾ ਦਾ ਰਿਕਾਰਡ ਤੋੜ ਦਿੱਤਾ। ਹਾਲਾਂਕਿ ਦੋਹਾਂ ਦੇ ਆਊਟ ਹੋਣ ਤੋਂ ਬਾਅਦ ਭਾਰਤ ਦੀਆਂ ਵਿਕਟਾਂ ਤੇਜ਼ੀ ਨਾਲ ਡਿੱਗਣਾ ਸ਼ੁਰੂ ਹੋ ਗਈਆਂ ਅਤੇ ਮੈਚ ਭਾਰਤ ਦੇ ਹੱਥਾਂ ’ਚ ਖਿਸਕਦਾ ਨਜ਼ਰ ਆ ਰਿਹਾ ਸੀ।
ਇਸ ਦੌਰਾਨ ਸ਼ਾਇਦ ਪਹਿਲੀ ਵਾਰੀ ਵਾਪਰੀ ਘਟਨਾ ’ਚ ਖੇਡ ਉਦੋਂ ਕੁਝ ਦੇਰ ਲਈ ਰੁਕ ਗਿਆ ਜਦੋਂ ਮੈਦਾਨ ਅਚਾਨਕ ਧੁੰਦ ਨਾਲ ਭਰ ਗਿਆ। ਸੋਸ਼ਲ ਮੀਡੀਆ ’ਤੇ ਇਸ ਘਟਨਾ ਨੂੰ ਲੈ ਕੇ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ ਅਤੇ ਲੋਕਾਂ ਨੂੰ ਕਾਫ਼ੀ ਹਸਾਉਣੇ ਮੀਮ ਪਾਉਣ ਸ਼ੁਰੂ ਕਰ ਦਿਤੇ। ਇਕ ਵਿਅਕਤੀ ਨੇ ਲਿਖਿਆ ‘ਹਮਾਰੇ ਯਹਾਂ ਤੋ ਫ਼ੋਗ ਚਲ ਰਹਾ ਹੈ’।
ਇਹੀ ਨਹੀਂ ਅਜੀਬੋ-ਗਰੀਬ ਢੰਗ ਨਾਲ ਸੂਰਿਆਕੁਮਾਰ ਯਾਦਵ ਦੇ ਰਟ ਆਊਟ ਤੋਂ ਬਾਅਦ ਵਿਰਾਟ ਕੋਹਲੀ ਦੀ ਵੀ ਸੋਸ਼ਲ ਮੀਡੀਆ ’ਤੇ ਭਾਰੀ ਆਲੋਚਨਾ ਹੋਈ। 34ਵੇਂ ਓਵਰ ’ਚ ਯਾਦਵ 2 ਦੌੜਾਂ ’ਤੇ ਖੇਡ ਰਹੇ ਸਨ ਜਦੋਂ ਦੋਵੇਂ ਬੱਲੇਬਾਜ਼ ਰਨ ਬਣਾਉਣ ਲਈ ਦੌੜੇ, ਪਰ ਕੋਹਲੀ ਅੱਧੇ ਰਸਤੇ ’ਚੋਂ ਵਾਪਸ ਮੁੜ ਆਏ। ਯਾਦਵ ਕੋਲ ਵਾਪਸ ਪਰਤਣ ਲਈ ਓਨਾ ਸਮਾਂ ਨਹੀਂ ਸੀ ਅਤੇ ਸੈਂਟਨਰ ਦੀ ਥ੍ਰੋ ’ਤੇ ਉਹ ਰਨਆਊਟ ਹੋ ਗਏ। ਕੋਹਲੀ ਨੂੰ ਇਸ ਤਰ੍ਹਾਂ ਵਾਪਸ ਪਰਤਣ ਲਈ ਸੋਸ਼ਲ ਮੀਡੀਆ ’ਤੇ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਅਤੇ ਲੋਕਾਂ ਨੇ ਉਸ ਨੂੰ ‘ਸਵਾਰਥੀ’ ਕਿਹਾ ਅਤੇ ਕਿਹਾ ਕਿ ਉਸ ਕੋਲ ਦੌੜ ਬਣਾਉਣ ਲਈ ਕਾਫ਼ੀ ਸਮਾਂ ਸੀ। ਕੁਮੈਂਟੇਟਰਾਂ ਨੇ ਵੀ ਕੋਹਲੀ ਦੀ ਕਾਰਵਾਈ ਨੂੰ ‘ਸ਼ਰਮਨਾਕ’ ਦਸਿਆ। ਹਾਲਾਂਕਿ ਕੋਹਲੀ ਨੇ 40 ਦੌੜਾਂ ਹੋਰ ਆਪਣੇ ਖਾਤੇ ’ਚ ਜੋੜ ਕੇ ਆਪਣੇ ਫੈਸਲੇ ਨੂੰ ਸਹੀ ਸਾਬਤ ਕਰ ਦਿੱਤਾ ਅਤੇ ਟੀਮ ਨੂੰ ਜਿੱਤ ਤਕ ਪਹੁੰਚਾਇਆ।
ਜਦੋਂ ਭਾਰਤ ਦੀ ਜਿੱਤ ਲਗਭਗ ਪੱਕੀ ਹੋ ਗਈ ਤਾਂ ਟੀਮ ਨੂੰ ਜਿੱਤਣ ਲਈ ਅਤੇ ਕੋਹਲੀ ਨੂੰ ਆਪਣਾ ਸੈਂਕੜਾ ਪੂਰਾ ਕਰਨ ਲਈ 7 ਦੌੜਾਂ ਦੀ ਜ਼ਰੂਰਤ ਸੀ। ਉਸ ਸਮੇਂ ਇਹ ਰੋਮਾਂਚ ਪੈਦਾ ਹੋ ਗਿਆ ਕਿ ਕੀ ਕੋਹਲੀ ਆਪਣਾ ਸੈਂਕੜਾ ਬਣਾ ਕੇ ਸਚਿਨ ਤੇਂਦੁਲਕਰ ਦੇ ਸਭ ਤੋਂ ਵੱਧ ਸੈਂਕੜੇ ਬਣਾਉਣ ਦੇ ਰੀਕਾਰਡ ਤੋਂ ਅੱਗੇ ਜਾ ਸਕਣਗੇ ਜਾਂ ਨਹੀਂ। ਹਾਲਾਂਕਿ ਕੋਹਲੀ ਛੱਕਾ ਮਾਰ ਕੇ ਸੈਂਕੜਾ ਪੂਰਾ ਕਰਨ ਦੀ ਕੋਸ਼ਿਸ਼ ’ਚ ਕੋਹਲੀ 95 ਦੌੜਾਂ ’ਤੇ ਕੈਚ ਆਊਟ ਹੋ ਗਏ ਅਤੇ ਰਵਿੰਦਰ ਜਡੇਜਾ ਨੇ ਭਾਰਤ ਲਈ ਜੇਤੂ ਚੌਕਾ ਲਾਇਆ।
ਭਾਰਤ ਨੇ ਨਿਊਜ਼ੀਲੈਂਡ ਵਿਰੁਧ 20 ਸਾਲਾਂ ਬਾਅਦ ਕੋਈ ਵਿਸ਼ਵ ਕੱਪ ਮੈਚ ਜਿੱਤਿਆ ਹੈ। ਇਸ ਜਿੱਤ ਦੇ ਨਾਲ ਹੀ ਭਾਰਤ ਦੀ ਟੀਮ ਅੰਕ ਤਾਲਿਕਾ ’ਚ ਪਹਿਲੇ ਨੰਬਰ ’ਤੇ ਪੁੱਜ ਗਈ ਹੈ ਅਤੇ ਅਜੇ ਤਕ ਟੂਰਨਾਮੈਂਟ ’ਚ ਅਜਿੱਤ ਰਹੀ ਹੈ।