ਮੈਲਬਰਨ: ਆਸਟ੍ਰੇਲੀਆ ਦੇ ਜਾਸੂਸ ਵਿਭਾਗ ਦੇ ਮੁਖੀ ਮਾਈਕ ਬਰਗੇਸ ਨੇ ਕਿਹਾ ਹੈ ਕਿ ਕੈਨੇਡੀਆਈ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਕੈਨੇਡਾ ਨੇ ਭਾਰਤ ’ਤੇ ਜੋ ਦੋਸ਼ ਲਾਏ ਹਨ ਉਹ ਨਿਰਵਿਵਾਦ ਹਨ। ਇਸ ਤਰ੍ਹਾਂ ਉਨ੍ਹਾਂ ਨੇ ਕੈਨੇਡਾ ਦੇ ਦੋਸ਼ਾਂ ਨੂੰ ਸਹੀ ਠਹਿਰਾਇਆ ਹੈ। ਬਰਗੇਸ ‘Five Eyes’ ਖੁਫੀਆ ਭਾਈਵਾਲਾਂ ਦੀ ਮੀਟਿੰਗ ਲਈ ਕੈਲੀਫੋਰਨੀਆ ’ਚ ਹਨ। ਆਸਟ੍ਰੇਲੀਆ ਅਤੇ ਕੈਨੇਡਾ ਦੋਵੇਂ Five Eyes ਦੇ ਮੈਂਬਰ ਹਨ।
ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ ਦੇ ਡਾਇਰੈਕਟਰ ਜਨਰਲ ਨੇ ਮੀਡੀਆ ਨਾਲ ਗੱਲਬਾਤ ’ਚ ਕਿਹਾ, ‘‘ਕੈਨੇਡੀਅਨ ਸਰਕਾਰ ਨੇ ਇਸ ਮਾਮਲੇ ਵਿੱਚ ਜੋ ਕਿਹਾ ਹੈ, ਉਸ ਬਾਰੇ ਕੋਈ ਵਿਵਾਦ ਨਹੀਂ ਹੈ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਕਿਸੇ ਦੇਸ਼ ਵੱਲੋਂ ਆਪਣੇ ਨਾਗਰਿਕ ਦੇ ਕਤਲ ਦਾ ਇਲਜ਼ਾਮ ਕਿਸੇ ਦੂਜੇ ਦੇਸ਼ ’ਤੇ ਲਾਉਣਾ ਇੱਕ ਗੰਭੀਰ ਦੋਸ਼ ਹੈ, ਅਤੇ ਇਹ ਅਜਿਹਾ ਕੰਮ ਹੈ ਜੋ ਅਸੀਂ ਨਹੀਂ ਕਰਦੇ ਅਤੇ ਦੇਸ਼ਾਂ ਨੂੰ ਨਹੀਂ ਕਰਨਾ ਚਾਹੀਦਾ।’’ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ Five Eyes ਇੰਟੈਲੀਜੈਂਸ ਪਾਰਟਨਰਜ਼ ਦੀ ਮੀਟਿੰਗ ’ਚ ਕੈਨੇਡਾ-ਭਾਰਤ ਵਿਵਾਦ ’ਤੇ ਚਰਚਾ ਹੋਈ ਸੀ ਜਾਂ ਨਹੀਂ। ਆਸਟ੍ਰੇਲੀਆ ਵਿਚਲੇ ਸਿੱਖ ਭਾਈਚਾਰੇ ਵਿੱਚ ਇਸੇ ਤਰ੍ਹਾਂ ਦੀ ਹਿੰਸਾ ਦੇ ਡਰ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਦੋਂ ਅਸੀਂ ਆਪਣੇ ਦੇਸ਼ ਵਿੱਚ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਦਖਲਅੰਦਾਜ਼ੀ ਕਰਦੇ ਹੋਏ ਪਾਇਆ ਜਾਂ ਦਖਲ ਦੇਣ ਦੀ ਯੋਜਨਾ ਬਣਾਉਂਦੇ ਹੋਇਆ ਪਾਇਆ ਤਾਂ ਅਸੀਂ ਉਨ੍ਹਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਾਂਗੇ।’’
ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦਾ 18 ਜੂਨ ਨੂੰ ਕੈਨੇਡਾ ਦੇ ਪੱਛਮੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ’ਚ ਇੱਕ ਗੁਰਦਵਾਰੇ ਸਾਹਮਣੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ‘ਭਰੋਸੇਯੋਗ ਦੋਸ਼’ ਹਨ ਕਿ ਨਿੱਝਰ ਦੀ ਗੋਲੀ ਮਾਰ ਕੇ ਹੋਈ ਮੌਤ ਪਿੱਛੇ ਭਾਰਤ ਸਰਕਾਰ ਦਾ ਹੱਥ ਸੀ। ਨਿੱਝਰ ਖਾਲਿਸਤਾਨੀ ਰਾਜ ਦੀ ਆਜ਼ਾਦੀ ਦਾ ਇੱਕ ਜ਼ਬਰਦਸਤ ਸਮਰਥਕ ਸੀ। ਭਾਰਤ ਸਰਕਾਰ ਨੇ ਵਾਰ-ਵਾਰ ਜ਼ੋਰ ਦੇ ਕੇ ਕਿਹਾ ਹੈ ਕਿ ਨਿੱਝਰ ਇੱਕ ਅਤਿਵਾਦੀ ਸੀ ਅਤੇ ਨਵੀਂ ਦਿੱਲੀ ਵਿੱਚ ਹਾਲ ਹੀ ਵਿੱਚ ਹੋਏ G-20 ਸੰਮੇਲਨ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਵਿੱਚ ਸਿੱਖ ਵੱਖਵਾਦੀਆਂ ਵੱਲੋਂ ਵਿਰੋਧ ਪ੍ਰਦਰਸ਼ਨਾਂ ਨੂੰ ਇਜਾਜ਼ਤ ਦੇਣ ਲਈ ਟਰੂਡੋ ਦੀ ਨਿੰਦਾ ਕੀਤੀ।