ਮੈਲਬਰਨ: ਇਜ਼ਰਾਈਲ ਅਤੇ ਹਮਾਸ ਵਿਚਕਾਰ ਤੇਜ਼ੀ ਨਾਲ ਭੜਕਦੀ ਜਾ ਰਹੀ ਜੰਗ ਵਿਚਕਾਰ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਕਲੇਅਰ ਓ’ਨੀਲ ਨੇ Middle East ’ਚ ਗਏ ਆਸਟ੍ਰੇਲੀਆ ਵਾਸੀਆਂ ਨੂੰ ਤੁਰੰਤ ਉੱਥੋਂ ਨਿਕਲਣ ਦੀ ਬੇਨਤੀ ਕੀਤੀ ਹੈ। ਗ਼ਜ਼ਾ ਦੇ ਇੱਕ ਹਸਪਤਾਲ ’ਤੇ ਹਵਾਈ ਹਮਲੇ ’ਚ 500 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਇਜ਼ਰਾਈਲ ਨੇ ਇਸ ਦੀ ਜ਼ਿੰਮੇਵਾਰੀ ਅਤਿਵਾਦੀਆਂ ’ਤੇ ਥੋਪੀ ਹੈ। ਇਸ ਹਮਲੇ ਦੇ ਨਾਲ ਹੀ ਗ਼ਜ਼ਾ ’ਚ ਤਾਜ਼ਾ ਜੰਗ ਦੌਰਾਨ ਹੋਈਆਂ ਮੌਤਾਂ ਦੀ ਗਿਣਤੀ ਵਧ ਕੇ 3000 ਹੋ ਗਈ ਹੈ, ਜਦਕਿ ਇਜ਼ਰਾਈਲ ’ਚ ਹੁਣ ਤਕ 1400 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਗ੍ਰਹਿ ਮੰਤਰੀ ਨੇ ਪੁਸ਼ਟੀ ਕੀਤੀ ਹੈ ਕਿ ਜੰਗ ਦੇ ਖੇਤਰ ’ਚ ਫਸੇ ਆਸਟ੍ਰੇਲੀਆ ਦੇ ਨਾਗਰਿਕਾਂ ਦੀ ਗਿਣਤੀ ਵਧ ਕੇ 46 ਹੋ ਗਈ ਹੈ ਅਤੇ ਸਰਕਾਰ ਉਨ੍ਹਾਂ ਨੂੰ ਬਚਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਕ ਬਿਆਨ ’ਚ ਉਨ੍ਹਾਂ ਕਿਹਾ, ‘‘ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਜੇਕਰ ਤੁਸੀਂ ਇਜ਼ਰਾਈਲ ’ਚ ਹੋ ਤਾਂ ਤੁਰੰਤ ਉੱਥੋਂ ਨਿਕਲਣ ਦੀ ਤਿਆਰੀ ਕਰ ਲਓ। ਇਹ ਨਾ ਸੋਚੋ ਕਿ ਥੋੜ੍ਹੀ ਉਡੀਕ ਕਰ ਕੇ ਵੇਖ ਲੈਂਦੇ ਹਾਂ। Middle East ’ਚ ਸਥਿਤੀ ਬਹੁਤ ਤੇਜ਼ੀ ਨਾਲ ਬਦਤਰ ਹੋ ਰਹੀ ਹੈ। ਜਿੱਥੇ ਵੀ ਤੁਹਾਨੂੰ ਪਹਿਲੀ ਹਵਾਈ ਉਡਾਨ ’ਚ ਸੀਟ ਮਿਲ ਜਾਵੇ ਬਸ ਉੱਥੋਂ ਨਿਕਲ ਪਵੋ।’’ ਇਸ ਵੇਲੇ 1200 ਆਸਟ੍ਰੇਲੀਅਨ ਲੋਕ ਵਾਪਸ ਆਉਣ ਲਈ ਸੰਪਰਕ ’ਚ ਹਨ। 1500 ਆਸਟ੍ਰੇਲੀਅਨਾਂ ਨੂੰ ਪਹਿਲਾਂ ਹੀ ਤੇਲ ਅਵੀਵ ਤੋਂ ਬਾਹਰ ਕੱਢ ਦਿਤਾ ਗਿਆ ਹੈ। 222 ਲੋਕ ਦੁਬਈ ਤੋਂ ਚੱਲੀ ਉਡਾਨ ਰਾਹੀਂ ਅੱਜ ਸਵੇਰੇ ਆਸਟ੍ਰੇਲੀਆ ਪਹੁੰਚੇ ਸਨ ਜਿਨ੍ਹਾਂ ’ਚੋਂ 164 ਆਸਟ੍ਰੇਲੀਆ ਵਾਸੀ ਹਨ। ਜਦਕਿ 194 ਲੋਕਾਂ ਨੂੰ ਲੈ ਕੇ ਆ ਰਹੀ ਇਕ ਹੋਰ ਉਡਾਨ ਦੁਬਈ ਪਹੁੰਚ ਚੁੱਕੀ ਹੈ ਅਤੇ ਆਸਟ੍ਰੇਲੀਆ ਆਉਣ ਦੀ ਉਡੀਕ ’ਚ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਫ਼ਲਸਤੀਨ ’ਤੇ ਹਮਲੇ ਦੇ ਪ੍ਰਤੀਕਿਰਆ ’ਚ ਦੁਨੀਆਂ ਭਰ ’ਚ ਰੋਸ ਵਜੋਂ ਕੀਤੇ ਅਤਿਵਾਦੀ ਹਮਲਿਆਂ ਦੇ ਮੱਦੇਨਜ਼ਰ ਆਸਟ੍ਰੇਲੀਆ ’ਚ ਵੀ ਅਜਿਹੇ ਹਮਲਿਆਂ ਦਾ ਡਰ ਹੈ ਅਤੇ ਇਸ ਬਾਰੇ ਗ੍ਰਹਿ ਮੰਤਰੀ ਖੁਫ਼ੀਆ ਵਿਭਾਗ ਦੇ ਡਾਇਰੈਕਟਰ ਮਾਈਕ ਬਰਗਸ ਦੇ ਸੰਪਰਕ ’ਚ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਚੌਕਸੀ ਵਧਾ ਦਿਤੀ ਹੈ ਅਤੇ ਦੇਸ਼ ਭਰ ’ਚ ਸੁਰੱਖਿਆ ਸਖ਼ਤ ਕਰ ਦਿਤੀ ਗਈ ਹੈ।