Free Medical Services in Australia ਪ੍ਰਾਪਤ ਕਰਨ ਲਈ 5 Steps – ਜਾਣੋ, ਨਵੇਂ ਮਾਈਗਰੈਂਟਸ ਲਈ ਬਹੁਤ ਅਹਿਮ ਜਾਣਕਾਰੀ

ਮੈਲਬਰਨ: ਆਸਟ੍ਰੇਲੀਆ ਦੇ ਨਾਗਰਿਕ, ਸਥਾਈ ਨਿਵਾਸੀ ਜਾਂ ਸ਼ਰਨਾਰਥੀ ਮੈਡੀਕੇਅਰ ਰਾਹੀਂ ਮੁਫ਼ਤ (Free Medical Services in Australia) ਜਾਂ ਘੱਟ ਖ਼ਰਚੇ ’ਤੇ ਡਾਕਟਰੀ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਆਸਟ੍ਰੇਲੀਆ ’ਚ ਕੋਈ ਵੀ Medicare ਸਿਹਤ ਸਿਸਟਮ ਹੇਠ ਮਿਲਦੀਆਂ ਸੇਵਾਵਾਂ ਰਾਹੀਂ ਇਲਾਜ ਪ੍ਰਾਪਤ ਕਰ ਸਕਦਾ ਹੈ। ਇਹ ਬੁਨਿਆਦੀ ਡਾਕਟਰੀ ਦੇਖਭਾਲ ਦੇ ਖ਼ਰਚਿਆਂ ਦਾ ਭੁਗਤਾਨ ਕਰਨ ’ਚ ਮਦਦ ਕਰਦਾ ਹੈ। ਡਾਕਟਰ ਕੋਲ ਜਾਣਾ, ਕੋਈ ਟੈਸਟ ਜਾਂ ਸਕੈਨ ਕਰਵਾਉਣਾ ਜਿਵੇਂ ਐਕਸ-ਰੇ, ਸਰਜਰੀ ਜਾਂ ਡਾਕਟਰ ਵੱਲੋਂ ਕੀਤੇ ਜਾਣ ਵਾਲੇ ਪ੍ਰੋਸੀਜਰ ਅਤੇ ਇੱਥੋਂ ਤਕ ਕਿ ਅੱਖਾਂ ਦੇ ਡਾਕਟਰ ਵੱਲੋਂ ਕੀਤੇ ਜਾਣ ਵਾਲੇ ਅੱਖਾਂ ਦੇ ਟੈਸਟ ਵੀ ਇਸ ਸਿਸਟਮ ਹੇਠ ਆਉਂਦੀਆਂ ਸੇਵਾਵਾਂ ’ਚ ਸ਼ਾਮਲ ਹਨ।

ਇਹ ਸੇਵਾਵਾਂ ਪ੍ਰਾਪਤ ਕਰਨ ਲਈ ਪਹਿਲਾ ਪੜਾਅ Medicare Card ਅਤੇ ਨੰਬਰ ਲਈ ਨਾਮ ਸੂਚੀ ਕਰਵਾਉਣਾ ਅਤੇ ਪ੍ਰਾਪਤ ਕਰਨਾ ਹੈ। Medicare Services ਹੇਠ ਨਾਮ ਦਰਜ ਕਰਵਾਉਣ ਤੋਂ ਬਾਅਦ ਤੁਹਾਨੂੰ ਇੱਕ Card ਭੇਜਿਆ ਜਾਵੇਗਾ ਜੋ ਤੁਹਾਨੂੰ ਡਾਕਟਰ ਕੋਲ ਜਾਣ ਵਾਲੇ ਆਪਣੇ ਨਾਲ ਰਖਣਾ ਪਵੇਗਾ। ਇਸ ’ਤੇ ਹੀ ਤੁਹਾਡਾ ਨਿੱਜੀ Medicare Number ਹੋਵੇਗਾ ਅਤੇ ਇਸ ਦੀ ਵਰਤੋਂ ਤੁਸੀਂ ਆਪਣੇ ਕੈਮਿਸਟ ਤੋਂ ਡਾਕਟਰ ਵੱਲੋਂ ਲਿਖੀ ਦਵਾਈ ਘੱਟ ਲਾਗਤ ’ਤੇ ਲੈਣ ਜਾਂ ਡਾਕਟਰ ਨੂੰ ਘੱਟ ਫ਼ੀਸ ਦੇਣ ਲਈ ਕਰ ਸਕਦੇ ਹੋ। ਸੰਭਵ ਤੌਰ ’ਤੇ Bulk Billing ਰਾਹੀਂ ਤੁਹਾਨੂੰ ਕੁੱਝ ਵੀ ਭੁਗਤਾਨ ਨਾ ਕਰਨ ਦੀ ਲੋੜ ਪਵੇ।

ਦੂਜਾ ਪੜਾਅ, ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤਾ ਤੁਹਾਨੂੰ ਪਹਿਲਾਂ ਕਿਸੇ ਜਨਰਲ ਪ੍ਰੈਕਟੀਸ਼ਨਰ ਜਾਂ GP ਕੋਲ ਜਾਣਾ ਚਾਹੀਦਾ ਹੈ। GP ਆਪਣੇ ਕੋਲ ਆਉਣ ਵਾਲੇ ਮਰੀਜ਼ ਦੀਆਂ 80-90 ਫ਼ੀ ਸਦੀ ਬਿਮਾਰੀਆਂ ਨੂੰ ਠੀਕ ਕਰ ਸਕਦਾ ਹੈ। GP ਮਰੀਜ਼ਾਂ ਦੀ ਹਾਲਤ ਸੁਣਦੇ ਹਨ ਅਤੇ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਇਹ ਮਰੀਜ਼ ਦਾ ਸੰਪੂਰਨ ਇਲਾਜ ਕਰਨ ਦੇ ਯੋਗ ਹੁੰਦੇ ਹਨ।

ਤੀਜੇ ਪੜਾਅ ਹੇਠ GP ਮਰੀਜ਼ਾਂ ਨੂੰ ਲੋੜ ਅਨੁਸਾਰ ਪੈਥਾਲੋਜੀ ਟੈਸਟ, ਐਕਸ-ਰੇ ਜਾਂ ਹੋਰ ਡਾਕਟਰੀ ਪ੍ਰਕਿਰਿਆਵਾਂ ਕਰਵਾਉਣ ਲਈ ਭੇਜ ਸਕਦਾ ਹੈ। GP ਮਰੀਜ਼ਾਂ ਨੂੰ ਅਗਲੀ ਸਮੀਖਿਆ ਲਈ ਹੋਰ ਮਾਹਰ ਡਾਕਟਰਾਂ ਕੋਲ ਜਾਂ ਹਸਪਤਾਲ ਵੀ ਭੇਜ ਸਕਦਾ ਹੈ। ਇਨ੍ਹਾਂ ’ਚੋਂ ਕੁੱਝ ਸੇਵਾਵਾਂ ਨੂੰ Medicare ਹੇਠ ਸਬਸਿਡੀ ਮਿਲੀ ਹੋ ਸਕਦੀ ਹੈ। ਕਈ ਮਰੀਜ਼ਾ ਨੂੰ ਪੂਰੀ ਫ਼ੀਸ ਅਤੇ Medicare ਰਾਹੀਂ ਭੁਗਤਾਨ ਕੀਤੇ ਜਾਣ ਵਾਲੇ ਫ਼ਰਕ ਦਾ ਭੁਗਤਾਨ ਕਰਨ ਦੀ ਲੋੜ ਹੋ ਸਕਦੀ ਹੈ। ਜੇਕਰ ਤੁਸੀਂ ਬਲਕ ਬਿਲਿੰਗ ਵਾਲੇ ਡਾਕਟਰ ਕੋਲ ਜਾਂਦੇ ਹੋ, ਜੋ ਪ੍ਰਾਈਵੇਟ ਫ਼ੀਸ ਲਏ ਬਗ਼ੈਰ ਖ਼ੁਸ਼ ਹੈ ਅਤੇ ਉਹ ਮਰੀਜ਼ ਨੂੰ ਦੇਖਣ ਲਈ Medicare ਵੱਲੋਂ ਮਿਲਣ ਵਾਲੀ ਫ਼ੀਸ ਵਿੱਚ ਖ਼ੁਸ਼ ਹੈ ਤਾਂ ਤੁਹਾਨੂੰ ਆਪਣੀ ਜੇਬ੍ਹ ’ਚੋਂ ਕੋਈ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ। ਜੇਕਰ ਤੁਹਾਡਾ ਡਾਕਟਰ ਬਲਕ ਬਿੱਲ ਨਹੀਂ ਕਰਦਾ ਹੈ ਤਾਂ ਤੁਹਾਨੂੰ ਡਾਕਟਰੀ ਦੇਖਭਾਲ ਲਈ ਭੁਗਤਾਨ ਕਰਨ ਦੀ ਲੋੜ ਪਵੇਗੀ ਅਤੇ ਫਿਰ ਤੁਸੀਂ ਬਾਅਦ ਵਿੱਚ Medicare ਤੋਂ ਇਨ੍ਹਾਂ ’ਚੋਂ ਕੁੱਝ ਖ਼ਰਚਿਆਂ ਨੂੰ ਵਾਪਸ ਲੈਣ ਦੇ ਯੋਗ ਹੋਵੋਗੇ। Medicare ਤੋਂ ਪੈਸੇ ਵਾਪਸ ਲੈਣ ਦਾ ਸਭ ਤੋਂ ਆਸਾਨ ਤਰੀਕਾ ਤੁਹਾਡੇ ਡਾਕਟਰ ਦੇ ਦਫ਼ਤਰ ’ਚ ਹੈ। ਉਹ ਤੁਹਾਡੇ ਲਈ ਪੈਸੇ ਵਾਪਸ ਲੈਣ ਦਾ ਦਾਅਵਾ ਕਰ ਸਕਦੇ ਹਨ। Medicare ਫਿਰ ਕੁਝ ਸਮੇਂ ਬਾਅਦ ਤੁਹਾਡੇ ਬੈਂਕ ਖਾਤੇ ਵਿੱਚ ਭੁਗਤਾਨ ਕਰੇਗਾ। ਜੇਕਰ ਤੁਸੀਂ ਆਪਣੇ ਡਾਕਟਰ ਦੇ ਦਫ਼ਤਰ ਵਿੱਚ ਅਰਜ਼ੀ ਦਾਇਰ ਨਹੀਂ ਕਰ ਸਕਦੇ, ਤਾਂ ਤੁਹਾਨੂੰ Medicare ਦੀ ਵੈੱਬਸਾਈਟ servisesaustralia.gov.au ’ਤੇ ਜਾ ਕੇ ਅਜਿਹਾ ਕਰਨਾ ਪਵੇਗਾ।

ਚੌਥੇ ਪੜਾਅ ਹੇਠ GP ਫ਼ਾਰਮੇਸੀ ਤੋਂ ਦਵਾਈ ਖ਼ਰੀਦਣ ਲਈ ਦਵਾਈ ਦੀ ਪਰਚੀ ਵੀ ਲਿਖ ਕੇ ਦੇ ਸਕਦੇ ਹਨ। ਕੁਝ ਦਵਾਈਆਂ PBS (Pharmaceutical benefit scheme) ਹੇਠ ਸਸਤੀਆਂ ਵੀ ਹਨ।

ਪੰਜਵਾਂ ਪੜਾਅ, ਮਰੀਜ਼ Medicare ਪ੍ਰਾਪਤ ਕਰਨ ਦੇ ਨਾਲ ਨਿੱਜੀ ਸਿਹਤ ਬੀਮਾ ਪ੍ਰਾਪਤ ਕਰਨ ਦੀ ਵੀ ਚੋਣ ਕਰ ਸਕਦੇ ਹਨ, ਉਨ੍ਹਾਂ ਸੇਵਾਵਾਂ ਦਾ ਭੁਗਤਾਨ ਕਰਨ ਲਈ ਜੋ ਜਨਤਕ ਪ੍ਰਣਾਲੀ ਹੇਠ ਨਹੀਂ ਦਿੱਤੀਆਂ ਜਾਂਦੀਆਂ। ਜਿਵੇਂ ਦੰਦਾਂ ਦੇ ਡਾਕਟਰ ਨੂੰ ਵਿਖਾਉੁਣਾ, ਐਂਬੂਲੈਂਸਾਂ ਅਤੇ ਕੁਝ ਕੁ ਟੀਕਾਕਰਨ। Private Health Insurance ਹੋਣਾ ਸਰਜਰੀ ਕਰਵਾਉਣ ਦੀ ਪਹੁੰਚ ਨੂੰ ਤੇਜ਼ ਕਰਦਾ ਹੈ।

Leave a Comment