New Zealand ਭੇਜਣ ਦੇ ਸਬਜ਼ਬਾਗ ਵਿਖਾ ਕੇ ਤਸਕਰਾਂ ਨੇ ਮਚਾਈ ਲੁੱਟ (Illegal Immigration)

ਮੈਲਬਰਨ: ਸ਼੍ਰੀਲੰਕਾ ਇਸ ਵੇਲੇ ਅਜਿਹੀ ਨਿਰਾਸ਼ਾ ’ਚ ਡੁੱਬਿਆ ਹੋਇਆ ਹੈ ਜੋ ਦੇਸ਼ ਦੇ ਸਭ ਤੋਂ ਗਰੀਬ ਅਤੇ ਸਭ ਤੋਂ ਕਮਜ਼ੋਰ ਲੋਕਾਂ ਨੂੰ ਤਸਕਰਾਂ ਦੇ ਪੰਜੇ ਵਿੱਚ ਧੱਕਦੀ ਰਹਿੰਦੀ ਹੈ। ਪੂਰਬੀ ਤੱਟ ਦੇ ਬੰਦਰਗਾਹ ਵਾਲੇ ਸ਼ਹਿਰ ਵਲੈਚੇਨਈ ਦੀ ਰਹਿਣ ਵਾਲੀ 32 ਸਾਲਾਂ ਦੀ ਇਕੱਲੀ ਮਾਂ ਗਾਇਤਰੀ ਵੀ ਅਜਿਹੀ ਹੀ ਇਕ ਸ਼ਖਸ ਹੈ ਜਿਸ ਦੀ ਕਹਾਣੀ ਮੀਡੀਆ ਰਾਹੀਂ ਸਾਹਮਣੇ ਆਈ ਹੈ। ਇਸ ਸਾਲ ਦੇ ਸ਼ੁਰੂ ਵਿੱਚ ਗਾਇਤਰੀ ਇੱਕ ਤਸਕਰ ਨਾਲ ਜੁੜੀ ਸੀ ਜਿਸ ਨੇ ਉਸ ਨੂੰ ਬਹੁਤ ਸਬਜ਼ਬਾਗ ਵਿਖਾਏ ਪਰ ਉਸ ਦੇ ਹੱਥ ਮੁੜ ਨਿਰਾਸ਼ਾ ਹੀ ਲੱਗੀ।

ਗਾਇਤਰੀ ਆਪਣੇ ਦੇਸ਼ ਵਿੱਚ ਆਰਥਿਕ ਅਤੇ ਰਾਜਨੀਤਿਕ ਸੰਕਟ ਤੋਂ ਬਚਣ ਲਈ ਬੇਤਾਬ ਸੀ, ਜਿੱਥੇ ਉਸ ਨੂੰ ਆਪਣੀ ਧੀ ਦੀਆਂ ਬੁਨਿਆਦੀ ਲੋੜਾਂ ਜਿਵੇਂ ਕਿ ਭੋਜਨ, ਕੱਪੜੇ ਅਤੇ ਦਵਾਈ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਸੀ। ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਸੀ ਅਤੇ ਗਾਇਤਰੀ ਦੀ ਆਮਦਨ ਦੇ ਸਾਧਨ ਬਹੁਤ ਸੀਮਤ ਸਨ। ਗਾਇਤਰੀ ਨੇ ਆਪਣਾ ਘਰ ਵੇਚ ਕੇ ਇੱਕ ਕਿਸ਼ਤੀ ਵਿੱਚ ਦੋ ਸੀਟਾਂ ਲਈ ਬਦਲੇ ਤਸਕਰਾਂ ਨੂੰ 7,000 ਡਾਲਰ ਦਾ ਭੁਗਤਾਨ ਕੀਤਾ ਜਿਨ੍ਹਾਂ ਨੇ ਉਸ ਨੂੰ ਅਤੇ ਉਸ ਦੀ ਧੀ ਨੂੰ ਨਿਊਜ਼ੀਲੈਂਡ ਲੈ ਕੇ ਜਾਣ ਦਾ ਵਾਅਦਾ ਕੀਤਾ ਸੀ।

ਹਾਲਾਂਕਿ, ਕਿਸ਼ਤੀ ਕਦੇ ਵੀ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚੀ। ਇਸ ਨੂੰ ਆਸਟ੍ਰੇਲੀਆਈ ਬਾਰਡਰ ਫੋਰਸ ਨੇ ਸਮੁੰਦਰ ਵਿਚ 12 ਦਿਨਾਂ ਬਾਅਦ ਰੋਕੀ ਰੱਖਿਆ ਸੀ, ਅਤੇ ਯਾਤਰੀਆਂ ਨੂੰ ਕ੍ਰਿਸਮਸ ਆਈਲੈਂਡ ’ਤੇ ਹਿਰਾਸਤ ਵਿਚ ਲਿਆ ਗਿਆ ਸੀ। ਗਾਇਤਰੀ ਅਤੇ ਉਸ ਦੀ ਧੀ ਉਨ੍ਹਾਂ 15 ਸ਼੍ਰੀਲੰਕਾਈ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਗਿਆ ਸੀ, ਜਿੱਥੇ ਉਨ੍ਹਾਂ ਦਾ ਭਵਿੱਖ ਅਨਿਸ਼ਚਿਤ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ, ਸ਼੍ਰੀਲੰਕਾ ਆਰਥਿਕ ਅਤੇ ਰਾਜਨੀਤਿਕ ਤੌਰ ’ਤੇ ਬਰਬਾਦ ਹੋ ਗਿਆ ਸੀ। ਸਰਕਾਰ ਕਰਜ਼ਿਆਂ ਦਾ ਭੁਗਤਾਨ ਕਰਨ ’ਚ ਨਾਕਾਮ ਰਹੀ, ਇਸ ਦੀ ਕਰੰਸੀ ਦੀ ਕੀਮਤ ਡਿੱਗ ਗਈ ਅਤੇ ਮਹਿੰਗਾਈ ਅਸਮਾਨ ਨੂੰ ਛੂਹ ਗਈ। ਈਂਧਨ ਅਤੇ ਭੋਜਨ ਦੀ ਗੰਭੀਰ ਕਮੀ ਦੇ ਵਿਚਕਾਰ ਦੇਸ਼ ਅੰਦਰ ਵਿਰੋਧ ਭੜਕ ਉੱਠਿਆ। ਗੁੱਸੇ ਵਿਚ ਆਏ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਦੀ ਰਿਹਾਇਸ਼ ’ਤੇ ਹਮਲਾ ਕਰ ਦਿੱਤਾ ਅਤੇ ਰਾਸ਼ਟਰਪਤੀ ਨੂੰ ਉੱਥੋਂ ਭੱਜਣਾ ਪਿਆ ਸੀ।

Leave a Comment