ਕ੍ਰਿਕਟ ਵਿਸ਼ਵ ਕੱਪ ’ਚ ਆਸਟ੍ਰੇਲੀਆ ਦੀ ਬੁਰੀ ਸ਼ੁਰੂਆਤ, ਮੇਜ਼ਬਾਨ ਭਾਰਤ ਹੱਥੋਂ ਮਿਲੀ ਨਿਰਾਸ਼ਾਜਨਕ ਹਾਰ

ਮੈਲਬਰਨ: ਕ੍ਰਿਕਟ ਵਿਸ਼ਵ ਕੱਪ ’ਚ ਆਸਟ੍ਰੇਲੀਆ ਦੀ ਟੀਮ ਸ਼ੁਰੂਆਤ ਬਹੁਤ ਬੁਰੀ ਰਹੀ ਹੈ ਅਤੇ ਉਸ ਨੂੰ ਮੇਜ਼ਬਾਨ ਭਾਰਤ ਵੱਲੋਂ ਕਰਾਰੀ ਹਾਰ ਮਿਲੀ ਹੈ। ਚੰਗੀ ਸ਼ੁਰੂਆਤ ਮਿਲਣ ਤੋਂ ਬਾਅਦ ਟੀਮ ਦਾ ਮਿਡਲ ਆਰਡਰ ਬੁਰੀ ਤਰ੍ਹਾਂ ਫ਼ੇਲ੍ਹ ਰਿਹਾ ਅਤੇ ਪੂਰੀ ਟੀਮ 49.3 ਓਵਰਾਂ ’ਚ 199 ਦੌੜਾਂ ਹੀ ਬਣਾ ਸਕੀ।

ਡੇਵਿਡ ਵਾਰਨਰ (41 ਦੌੜਾਂ) ਅਤੇ ਸਟੀਵ ਸਮਿੱਥ (46 ਦੌੜਾਂ) ਤੋਂ ਇਲਾਵਾ ਕੋਈ ਬੱਲੇਬਾਜ਼ ਜ਼ਿਆਦਾ ਯੋਗਦਾਨ ਨਹੀਂ ਕਰ ਸਕਿਆ। 110 ਦੌੜਾਂ ’ਤੇ 2 ਵਿਕਟਾਂ ਦੇ ਠੀਕ-ਠਾਕ ਸਕੋਰ ਤੋਂ ਬਾਅਦ ਆਸਟ੍ਰੇਲੀਆ ਦੀਆਂ ਅਗਲੀਆਂ ਵਿਕਟਾਂ ਤੇਜ਼ੀ ਨਾਲ ਡਿੱਗੀਆਂ ਅਤੇ ਇਕ ਵਾਰੀ ਸਕੋਰ 7 ਵਿਕਟਾਂ ’ਤੇ 140 ਦੋੜਾਂ ਹੋ ਗਿਆ। ਹਾਲਾਂਕਿ ਮਿਸ਼ੇਲ ਸਟਾਰਕ ਦੀਆਂ 28 ਦੌੜਾਂ ਦੀ ਬਦੌਲਤ ਟੀਮ 199 ਦੌੜਾਂ ਤਕ ਪਹੁੰਚਣ ’ਚ ਕਾਮਯਾਬ ਰਹੀ। ਭਾਰਤ ਦੀ ਦੇ ਰਵਿੰਦਰ ਜਡੇਜਾ ਦੀ ਅਗਵਾਈ ’ਚ ਸਪਿੱਨਰ ਤਿੱਕੜੀ ਨੇ ਸਭ ਤੋਂ ਵੱਧ ਕਹਿਰ ਢਾਹਿਆ। ਜਡੇਜਾ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ।

ਇਸ ਤੋਂ ਬਾਅਦ ਮੈਚ ਉਦੋਂ ਰੋਮਾਂਚਕ ਹੋ ਗਿਆ ਜਦੋਂ ਭਾਰਤੀ ਟੀਮ ਦੀ ਸ਼ੁਰੂਆਤ ਵੀ ਬੁਰੀ ਰਹੀ ਜਦੋਂ ਉਸ ਦੀਆਂ ਤਿੰਨ ਵਿਕਟਾਂ 2 ਦੇ ਸਕੋਰ ’ਤੇ ਹੀ ਡਿੱਗ ਗਈਆਂ। ਹਾਲਾਂਕਿ ਮਾਰਸ਼ ਵੱਲੋਂ ਵਿਰਾਟ ਕੋਹਲੀ ਦਾ ਕੈਚ ਛੱਡਣਾ ਟੀਮ ਲਈ ਘਾਤਕ ਸਾਬਤ ਹੋਇਆ ਜਿਸ ਨੇ 85 ਦੌੜਾਂ ਬਣਾ ਕੇ ਅਤੇ ਕੇ.ਐਨ. ਰਾਹੁਲ ਨਾਲ 165 ਦੌੜਾਂ ਦੀ ਸਾਂਝੇਦਾਰੀ ਕਰ ਕੇ ਆਪਣੀ ਟੀਮ ਦੀ ਜਿੱਤ ਪੱਕੀ ਕਰ ਦਿੱਤੀ। ਰਾਹੁਲ ਨੇ 97 ਦੌੜਾਂ ਦੀ ਨਾਬਾਦ ਪਾਰੀ ਖੇਡੀ। ਭਾਰਤ ਨੇ 4 ਵਿਕਟਾਂ ’ਤੇ 201 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

ਆਸਟ੍ਰੇਲੀਆ ਦਾ ਅਗਲਾ ਮੈਚ ਵੀਰਵਾਰ ਨੂੰ ਲਖਨਊ ’ਚ ਦੱਖਣੀ ਅਫ਼ਰੀਕਾ ਨਾਲ ਹੋਵੇਗਾ।

Leave a Comment