ਮੈਲਬਰਨ : ਪੰਜਾਬੀ ਕਲਾਊਡ ਟੀਮ-
ਨਿਊਜ਼ੀਲੈਂਡ `ਚ ਐਕਰੀਡਿਟਡ ਇੰਪਲੋਏਅਰ ਵਰਕ ਵੀਜ਼ਾ ਸਕੀਮ (New Zealand Accredited Employer Work Visa) ਤਹਿਤ ਐਕਰੀਡੇਸ਼ਨ ਵਾਸਤੇ ਬਹੁਤ ਛਾਣਬੀਣ ਨਾ ਹੋਣ ਕਰਕੇ ਕਾਲੇ-ਧੰਦੇ ਕਰਨ ਵਾਲੇ ਲੋਕ ਨਰਮ ਕਾਨੂੰਨ ਦਾ ਫਾਇਦਾ ਲੈ ਰਹੇ ਹਨ। ਇੰਪਲੋਏਅਰਜ ਦੀ ਐਕਰੀਡੇਸ਼ਨ ਵਾਸਤੇ ਕੋਈ ਬਹੁਤ ਜਾਂਚ-ਪੜਤਾਲ ਨਾ ਹੋਣ ਕਰਕੇ ‘ਡਰੱਗ’ ਦਾ ਕਾਰੋਬਾਰ ਨਾਲ ਜੁੜੇ ਕਾਰੋਬਾਰੀ ਵਿਦੇਸ਼ਾਂ ਚੋਂ ਬੰਦੇ ਬੁਲਾ ਕੇ ਕੈਨਬਿਸ ਦੀ ਖੇਤੀ ਕਰਵਾ ਰਹੇ ਹਨ।
ਇਕ ਰਿਪੋਰਟ ਅਨੁਸਾਰ ਅਜਿਹੇ ਕੇਸਾਂ ਦੀ ਪੜਤਾਲ ਕਰਨ ਵਾਲੇ ਅਫ਼ਸਰਾਂ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਦੀਆਂ ਕਈ ਫ਼ਰਮਾਂ ਵੀਅਤਨਾਮ ਚੋਂ ਬੰਦੇ ਬੁਲਾ ਲੈਂਦੀਆਂ ਹਨ, ਜੋ ਕਰਜ਼ਾ ਚੁੱਕ ਕੇ ਆਉਂਦੇ ਹਨ। ਜਦੋਂ ਉਨ੍ਹਾਂ ਨੂੰ ਨਿਊਜ਼ੀਲੈਂਡ `ਚ ਪਹੁੰਚ ਕੇ ਕੰਮ ਨਹੀਂ ਮਿਲਦਾ ਤਾਂ ਉਹ ਅਜਿਹੇ ਲੋਕਾਂ ਦੇ ਹੱਥੇ ਚੜ੍ਹ ਜਾਂਦੇ ਹਨ, ਜੋ ਉਨ੍ਹਾਂ ਤੋਂ ਕੈਨਬਿਸ ਦੀ ਖੇਤੀ ਕਰਵਾਉਂਦੇ ਹਨ।
ਹੈਰਲਡ ਅਖ਼ਬਾਰ ਨੂੰ ਮਿਲੇ ਅੰਕੜੇ ਅਨੁਸਾਰ ਐਕਰੀਡਿਟ ਇੰਮਪਲੋਏਅਰ ਸਕੀਮ ਪਿਛਲੇ ਸਾਲ ਜੁਲਾਈ ਮਹੀਨੇ ਸ਼ੂਰੂ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ 94 ਹਜ਼ਾਰ 913 ਫ਼ਰਮਾਂ ਨੇ ਆਪਣੀ ਐਕਰੀਡੇਸ਼ਨ ਵਾਸਤੇ ਅਪਲਾਈ ਕੀਤਾ ਸੀ ਪਰ ਉਨ੍ਹਾਂ ਚੋਂ ਸਿਰਫ਼ 43 ਐਪਲੀਕੇਸ਼ਨਾਂ ਦੀ ਹੀ ਪੜਤਾਲ ਕੀਤੀ ਗਈ ਸੀ। ਭਾਵ ਬਹੁਤ ਸਾਰੇ ਜਾਅਲਸਾਜ਼ ਵੀ ਆਪਣੀ ਐਕਰੀਡੇਸ਼ਨ ਕਰਵਾ ਗਏ। ਇਸ ਸੌਖ ਦਾ ਲਾਭ ਲੈ ਕੇ ਵੀਅਤਨਾਮ ਨਾਲ ਸਬੰਧਤ ਕਈ ਡਰੱਸ ਸਮਗਲਰ ਵੀ ਫਾਇਦਾ ਖੱਟ ਗਏ। ਇਸ ਸਿਲਸਿਲੇ ਤਹਿਤ 3415 ਵੀਅਨਾਮੀ ਸਿਟੀਜ਼ਨਜ ਨੂੰ ਨਿਊਜ਼ੀਲੈਂਡ ਦੇ ਵੀਜ਼ੇ ਜਾਰੀ ਹੋਏ ਹਨ ਅਤੇ ਹੁਣ ਤੱਕ 2764 ਵੀਅਤਨਾਮੀ ਨਿਊਜ਼ੀਲੈਂਡ ਪਹੁੰਚ ਚੁੱਕੇ ਹਨ।
ਇਮੀਗਰੇਸ਼ਨ ਨਿਊਜ਼ੀਲੈਂਡ ਮੁਤਾਬਕ ਪਿਛਲੇ ਦਿਨੀਂ ਪੁਲੀਸ ਦੀ ਅਗਵਾਈ ਵਿੱਚ ਆਕਲੈਂਡ `ਚ ਵੀਅਤਨਾਮੀ ਲੋਕਾਂ ਦੀ ਪੁਲੀਸ-ਪਬਲਿਕ ਮੀਟਿੰਗ ਕਰਵਾਈ ਗਈ ਸੀ। ਜਿਸ ਵਿੱਚ ਸਾਹਮਣੇ ਆਇਆ ਕਿ ਜਿਹੜੇ ਵੀਅਤਨਾਮੀ ਕਰਜ਼ਾ ਚੁੱਕੇ ਐਕਰੀਡਿਟਡ ਇੰਪਲੋਏਅਰ ਵੀਜ਼ੇ `ਤੇ ਨਿਊਜ਼ੀਲੈਂਡ ਪਹੁੰਚੇ ਸਨ, ਊਨ੍ਹਾਂ ਚੋਂ ਕਈ ਕੈਨਬਿਸ ਦੀ ਖੇਤੀ ਕਰਨ ਵਾਲਿਆਂ ਦੇ ਧੱਕੇ ਚੜ੍ਹ ਚੁੱਕੇ ਹਨ।
ਕੈਨਬਿਸ ਦੀ ਗ਼ੈਰ-ਕਾਨੂੰਨੀ ਖੇਤੀ ਵਾਲੇ ਇਕ ਕੇਸ ਦੀ ਪੜਤਾਲ ਕਰ ਰਹੇ ਇਕ ਅਫ਼ਸਰ ਨੇ ਆਪਣਾ ਨਾਮ ਨਾ ਛਾਪੇ ਦੀ ਸ਼ਰਤ `ਤੇ ਹੈਰਲਡ ਟੀਮ ਨੂੰ ਦੱਸਿਆ ਕਿ ਵੀਅਤਨਾਮ `ਚ ਕਈ ਏਜੰਟ ਭੋਲੇਭਾਲੇ ਲੋਕਾਂ ਨੂੰ ਫਸਾ ਲੈਂਦੇ ਹਨ ਅਤੇ ਵੱਡੇ ਲਾਲਚ ਦੇ ਕੇ ਨਿਊਜ਼ੀਲੈਂਡ ਲੈ ਜਾਂਦੇ ਹਨ। ਉੱਥੇ ਲੋੜੀਂਦਾ ਕੰਮ ਨਾ ਮਿਲਣ ਕਰਕੇ ਮਜਬੂਰ ਹੋਏ ਇਹ ਲੋਕ ਏਜੰਟਾਂ ਦੇ ਕਹਿਣ `ਤੇ ਕੈਨਬਿਸ ਦੀ ਗ਼ੈਰ-ਕਾਨੂੰਨੀ ਖੇਤੀ ਦਾ ਹਿੱਸਾ ਬਣ ਜਾਂਦੇ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਦੇਸ਼ ਵਿੱਚ ਲੋਨ ਉਤਾਰਨਾ ਹੁੰਦਾ ਹੈ, ਜੋ ਉਹ ਨਿਊਜ਼ੀਲੈਂਡ ਪਹੁੰਚਣ ਵਾਸਤੇ ਲੈ ਕੇ ਆਏ ਹੁੰਦੇ ਹਨ।