10 ਧੋਖੇਬਾਜ਼ ਕਾਰੋਬਾਰੀਆਂ `ਤੇ ਵਰ੍ਹੀ ਆਸਟਰੇਲੀਅਨ ਬਾਰਡਰ ਫੋਰਸ – ਮਾਈਗਰੈਂਟ ਵਰਕਰਾਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਡੇਢ ਲੱਖ ਦੇ ਨੋਟਿਸ

ਮੈਲਬਰਨ : ਪੰਜਾਬੀ ਕਲਾਊਡ ਟੀਮ :
-ਆਸਟਰੇਲੀਅਨ ਬਾਰਡਰ ਫੋਰਸ ਨੇ 10 ਧੋਖੇਬਾਜ਼ ਕਾਰੋਬਾਰੀਆਂ `ਤੇ ਛਾਪੇਮਾਰੀ ਕਰਕੇ ਕਰੀਬ ਡੇਢ ਲੱਖ ਡਾਲਰ ਦੇ ਨੋਟਿਸ ਭੇਜੇ ਹਨ। ਇਹ ਕਾਰੋਬਾਰੀ ਮਾਈਗਰੈਂਟ ਵਰਕਰਾਂ ਦਾ ਸ਼ੋਸ਼ਣ ਕਰ ਰਹੇ ਸਨ। ਕਾਰੋਬਾਰ ਵਾਲੀਆਂ ਤਿੰਨ ਥਾਵਾਂ ਅਜਿਹੀਆਂ ਸਨ, ਜਿੱਥੇ ਮਾਈਗਰੈਂਟ ਵਰਕਰਾਂ ਤੋਂ ਗੈ਼ਰ-ਕਾਨੂੰਨੀ ਤਰੀਕੇ ਨਾਲ ਕੰਮ ਕਰਵਾਇਆ ਜਾ ਰਿਹਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਬਾਰਡਰ ਫੋਰਸ ਨੇ ਪਿਛਲੇ ਹਫ਼ਤੇ ਸਿਡਨੀ ਦੇ ਕੈਨਲੇਅ ਹਾਈਟਸ, ਸਟਰੈਥਫੀਲਡ, ਮਾਊਂਟ ਡਰੂਟ, ਡੋਨਸਾਈਡ ਅਤੇ ਈਸਟਰਨ ਸਬਅਰਬ ਵਾਲੇ ਪਾਸੇ ਛਾਪਾਮਾਰੀ ਕੀਤੀ ਸੀ। ਜਿੱਥੋਂ ਬਾਰੇ ਸਿ਼ਕਾਇਤਾਂ ਮਿਲੀਆਂ ਸਨ ਕਿ ਉੱਥੇ ਆਸਟਰੇਲੀਆ ਦੇ ਵੀਜ਼ਾ ਅਤੇ ਮਾਈਗਰੇਸ਼ਨ ਸਿਸਟਮ ਨੂੰ ਛਿੱਕੇ `ਤੇ ਟੰਗ ਕੇ ਮਾਈਗਰੈਂਟ ਵਰਕਰਾਂ ਤੋਂ ਕੰਮ ਕਰਵਾਇਆ ਜਾ ਰਿਹਾ ਹੈ।

ਇਨ੍ਹਾਂ ਮਾਲਕਾਂ ਨੂੰ ਫਿ਼ਲਹਾਲ ਵਾਰਨਿੰਗ ਦੇ ਦਿੱਤੀ ਗਈ ਹੈ। ਪਰ ਭਵਿੱਖ `ਚ ਇਨ੍ਹਾਂ ਵਿਰੁੱਧ ਫੇਅਰ ਵਰਕ ਉਮਬੱਡਸਮੈਨ (ਐਫਡਬਲਿਊਉ) ਦੁਆਰਾ ਜਾਂਚ ਵੀ ਕੀਤੀ ਜਾ ਸਕਦੀ ਹੈ।

ਹੌਸਪੀਟਿਲਟੀ, ਈਵੈਂਟ ਮੈਨੇਜਮੈਂਟਸ, ਮਕੈਨੀਕਲ ਅਤੇ ਹੌਰਸ ਰੇਸਿੰਗ ਵਰਗੇ ਕਾਰੋਬਾਰਾਂ ਵਾਲੀਆਂ ਕੁੱਲ 20 ਥਾਵਾਂ `ਤੇ ਪੁੱਛ-ਪੜਤਾਲ ਕੀਤੀ ਗਈ ਸੀ। ਜਿੱਥੇ ਇੱਕ ਜੁਲਾਈ ਤੋਂ ਲੈ ਕੇ ਹੁਣ ਤੱਕ 10 ਕਾਰੋਬਾਰੀਆਂ ਨੂੰ ਇੱਕ ਲੱਖ 43 ਹਜ਼ਾਰ 970 ਡਾਲਰ ਦੇ ਇਨਫਰਿੰਜਮੈਂਟ ਨੋਟਿਸ ਜਾਰੀ ਕੀਤੇ ਗਏ ਹਨ।

ਐਕਟਿੰਗ ਏਬੀਐਫ ਕਮਾਂਡਰ ਰੀਫ਼ ਮੈਕਡੋਨ ਨੇ ਚੇਤਾਵਨੀ ਦਿੱਤੀ ਹੈ ਕਿ ਮਾਈਗਰੈਂਟ ਵਰਕਰਾਂ ਦੇ ਸ਼ੋਸ਼ਣ ਦੀ ਕੀਮਤ ਮਾਲਕਾਂ ਨੂੰ ਤਾਰਨੀ ਪਵੇਗੀ। ਉਨ੍ਹਾਂ ਵੱਲੋਂ ਸ਼ੁਰੂ ਕੀਤਾ ਗਿਆ ਇਹ ਅਪਰੇਸ਼ਨ ਲਗਾਤਾਰ ਜਾਰੀ ਰਹੇਗਾ।

Leave a Comment