ਮੈਲਬਰਨ ਬਣਿਆ ਤੀਆਂ ਦੇ ਮੇਲਿਆਂ ਦੀ ਧਰਤੀ

ਕਰੇਗੀਬਰਨ, ਕਲਕਾਲੋ, ਮਿਕਲਮ ਅਤੇ ਐਪਿੰਗ `ਚ ਪਈਆਂ ਧਮਾਲਾਂ
ਮੈਲਬਰਨ : ਪੰਜਾਬੀ ਕਲਾਊਡ ਟੀਮ
ਪੁਰਾਤਨ ਸਮੇਂ ਤੋਂ ਸ਼ੁਰੂ ਹੋਇਆ ਤੀਆਂ ਦਾ ਤਿਉਹਾਰ ਜਿੱਥੇ ਪੰਜਾਬ ਵਿੱਚ ਲਗਾਤਾਰ ਹਰ ਸਾਲ ਸਾਉਣ ਦੇ ਮਹੀਨੇ ਮਨਾਇਆ ਜਾਂਦਾ ਹੈ, ਉੱਥੇ ਆਸਟਰੇਲੀਆ ਦੇ ਮਹੱਤਵਪੂਰਨ ਸ਼ਹਿਰ ਮੈਲਬਰਨ ਵੀ ਤੀਆਂ ਦੇ ਮੇਲਿਆਂ ਦੀ ਧਰਤੀ ਬਣ ਚੁੱਕਾ ਹੈ। ਇੱਥੇ ਹਰ ਸਾਲ ਪੰਜਾਬਣਾਂ ਵੱਲੋਂ ਵੱਖ-ਵੱਖ ਥਾਵਾਂ `ਤੇ ਤੀਆਂ ਦੇ ਮੇਲੇ ਕਰਵਾ ਕੇ ਆਪਣੇ ਦਿਲਾਂ ਦੀ ਭੜਾਸ ਕੱਢੀ ਜਾਂਦੀ ਹੈ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਣ ਦਾ ਵਿਲੱਖਣ ਉਪਰਾਲਾ ਕੀਤਾ ਜਾਦਾ ਹੈ। ਜਿਸ ਦੌਰਾਨ ਭੰਗੜੇ ਅਤੇ ਲੋਕ ਨਾਚ ਦੀਆਂ ਹੋਰ ਵੰਨਗੀਆਂ ਵੀ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਬੱਚਿਆਂ ਲਈ ਅਜਿਹੇ ਮੇਲੇ ਚਾਵਾਂ ਭਰੇ ਹੁੰਦੇ ਹਨ।
ਅਜਿਹੇ ਹੀ ਆਲਮ `ਚ ਐਤਕੀਂ ਵੀ ਦੇਸੀ ਵਰ੍ਹੇ ਦੇ ਮਹੀਨੇ ਸਾਉਣ `ਚ ਮੈਲਬਰਨ ਦੇ ਵੱਖ-ਵੱਖ ਸਬਅਰਬਾਂ ਵਿੱਚ ਕਰਵਾਏ ਗਏ ਤੀਆਂ ਦੇ ਮੇਲਿਆਂ ਵਿੱਚ ਪੰਜਾਬਣਾਂ ਨੇ ਗਿੱਧੇ ਦੀਆਂ ਬੋਲੀਆਂ ਰਾਹੀਂ ਆਪਣੇ ਦਿਲ ਦੇ ਵਲਵਲੇ ਸਾਂਝੇ ਕੀਤੇ। ਜਿਸ ਵਾਸਤੇ ਗਿੱਧੇ ਵਾਲੇ ਗਰੁੱਪਾਂ ਨੇ ਕਈ ਕਈ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਤਾਂ ਜੋ ਮੁਕਾਬਲੇ ਦੌਰਾਨ ਵਧੀਆ ਕਾਰਗੁਜ਼ਾਰੀ ਪੇਸ਼ ਕਰ ਸਕਣ।
 5 ਅਗਸਤ ਨੂੰ ਕਰੇਗੀਬਰਨ ਦੇ ਸੈਕੰਡਰੀ ਕਾਲਜ ਵਿੱਚ “ਝਾਂਜਰਾਂ ਦਾ ਸ਼ੋਰ’ ਬੈਨਰ ਹੇਠ ਰੁਪਿੰਦਰ ਬਤਰਾ ਦੀ ਅਗਵਾਈ `ਚ ਤੀਆਂ ਦਾ ਮੇਲੇ ਕਰਵਾਇਆ ਗਿਆ ਸੀ। ਜਿਸ ਵਿੱਚ ਪੰਜਾਬੀ ਔਰਤਾਂ ਅਤੇ ਬੱਚੀਆਂ ਨੇ ਪੂਰੇ ਚਾਵਾਂ ਨਾਲ ਭਾਗ ਲੈ ਆਪਣੇ ਮਾਣਮੱਤੇ ਵਿਰਸੇ ਨੂੰ ਯਾਦ ਰੱਖਿਆ।
ਇਸ ਤੋਂ ਅਗਲੇ ਦਿਨ 6 ਅਗਸਤ ਨੂੰ ਮਲਟੀਕਲਚਰਲ ਫੈਸਟੀਵਾਲ ਗਰੁੱਪ ਵੱਲੋਂ ਵੀ ਐਪਿੰਗ ਮੈਮੋਮੋਰੀਅਲ ਹਾਲ ਵਿੱਚ ਵੀ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ ਛੇ ਵਜੇ ਤੱਕ “ਤੀਆਂ ਦਾ ਮੇਲਾ” ਕਰਵਾਇਆ ਗਿਆ। ਨਿੱਕੀ ਜੈਨ  ਅਤੇ ਰੋਜੀ ਧਾਲੀਵਾਲ ਦੀ ਅਗਵਾਈ `ਚ ਕਰਵਾਏ ਗਏ ਇਸ ਮੇਲੇ `ਚ ਪੰਜਾਬਣਾਂ ਨੇ ਸ਼ਾਮ ਤੱਕ ਧਮਾਲਾਂ ਪਾਈ ਰੱਖੀਆਂ।
Mela Teeyan Da
ਇਸ ਲੜੀ ਨੂੰ ਅੱਗੇ ਜਾਰੀ ਰੱਖਦਿਆਂ “ਤੀਆਂ ਮਿਕਲਮ ਦੀਆਂ” ਪ੍ਰੋਗਰਾਮ 13 ਅਗਸਤ ਨੂੰ ਯੇਲ ਡਰਾਈਵ ਐਪਿੰਗ `ਚ ਦਵਿੰਦਰ ਕੌਰ ਦੀ ਦੇਖ-ਰੇਖ ਹੇਠ ਪ੍ਰੋਗਰਾਮ ਕਰਵਾਇਆ ਸੀ।
ਇਸ ਤੋਂ ਪਹਿਲਾਂ 16 ਜੁਲਾਈ ਨੂੰ ਗਿਲਗਈ ਪ੍ਰਾਇਮਰੀ ਸਕੂਲ ਕਲਕਾਲੋ ਵਿੱਚ ਨੂਰ ਜ਼ਾਰਾ ਵੱਲੋਂ ‘ਕਲਕਾਲੋ ਤੀਆਂ ਮੇਲਾ’ ਕਰਵਾਇਆ ਗਿਆ ਸੀ। ਜਿਸ ਵਿੱਚ ਅੰਤਰਾਸ਼ਟਰੀ ਗਿੱਧਾ ਟੀਮ ‘ਲੋਕ ਰੰਗ’ ਨੇ ਆਪਣੇ ਸਟੇਜੀ ਪੇਸ਼ਕਾਰੀ ਕੀਤੀ ਅਤੇ ਕਈ ਗਿੱਧਾ ਗਰੁੱਪਾਂ ਨੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਬੋਲੀਆਂ ਰਾਹੀਂ ਰੂਪਮਾਨ ਕੀਤਾ। ਰਾਜਿੰਦਰ ਜਸ਼ਨ ਅਤੇ ਰਿਚਾ ਸ਼ਰਮਾ ਦੀ ਨਿਗਰਾਨੀ `ਚ ਹੋਇਆ ਇਹ ਮੇਲਾ ਵੀ ਬਹੁਤ ਮਹੱਤਵਪੂਰਨ ਰਿਹਾ।
ਜਿ਼ਕਰਯੋਗ ਹੈ ਕਿ ਪੰਜਾਬ ਵਿੱਚ ਸਾਉਣ ਮਹੀਨੇ ਨੂੰ ਦੇਸੀ ਮਹੀਨਿਆਂ ਦਾ ਰਾਜਾ ਵੀ ਕਿਹਾ ਜਾਂਦਾ ਹੈ, ਕਿਉਂਕਿ ਜੇਠ-ਹਾੜ੍ਹ ਦੇ ਮਹੀਨਿਆਂ `ਚ ਅੱਤ ਦੀ ਗਰਮੀ ਪਿੱਛੋਂ ਸਾਉਣ ਮਹੀਨੇ `ਚ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਪੂਰੀ ਕਾਇਨਾਤ ਹਰੀ-ਭਰੀ ਹੋ ਜਾਂਦੀ ਹੈ। ਇਸੇ ਮਹੀਨੇ ਨਵ-ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਪਰਤਦੀਆਂ ਹਨ। ਕੁਆਰੀਆਂ ਕੁੜੀਆਂ ਵੀ ਤੀਆਂ `ਚ ਆਪਣੇ ਦਿਲੀ ਜਜ਼ਬਾਤ ਖੁੱਲ੍ਹ ਕੇ ਪ੍ਰਗਟ ਕਰਦੀਆਂ ਹਨ। ਪਿੰਡਾਂ ਵਿੱਚ ਕਈ ਦਿਨ ਤੀਆਂ ਲੱਗਣ ਤੋਂ ਬਾਅਦ ਬੱਲ੍ਹੋ ਪੈਣ ਨਾਲ ਆਪਣੀਆਂ ਸਹੇਲੀਆਂ ਤੋਂ ਵਿਦਾਈ ਲੈਂਦੀਆਂ ਹਨ।
ਇਸ ਬਾਰੇ ਕੁੜੀਆਂ ਅਕਸਰ ਬੋਲੀ ਪਾਉਂਦੀਆਂ ਹਨ
 “ਸਾਉਣ ਵੀਰ ‘ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜਾ ਪਾਵੇ”
ਭਾਵੇਂ ਯੁੱਗ ਬਦਲਣ ਨਾਲ ਬਹੁਤੇ ਪੰਜਾਬੀ ਹੁਣ ਪੰਜਾਬ ਤੋਂ ਵਿਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ। ਜਿੱਥੇ ਪਰਵਾਸੀ ਪੰਜਾਬੀਆਂ ਨੂੰ ਸ਼ੁਰੂਆਤ `ਚ ਬਹੁਤ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਪਰ ਅਜਿਹੇ ਹਾਲਾਤ ਦੇ ਬਾਵਜੂਦ ਪੰਜਾਬੀ ਔਰਤਾਂ ਆਪਣੇ ਵਿਰਸੇ ਨੂੰ ਵਿਦੇਸ਼ਾਂ `ਚ ਪਛਾਣ ਦਿਵਾਉਣ ਅਤੇ ਵਿਦੇਸ਼ਾਂ `ਚ ਜੰਮੀ-ਪਲੀ ਪੰਜਾਬੀ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਣ ਲਈ ਲਗਾਤਾਰ ਉੱਦਮ ਕਰਦੀਆਂ ਰਹਿੰਦੀਆਂ ਹਨ।

Leave a Comment