ਮੈਲਬਰਨ : ਕ੍ਰਿਕੇਟ ਜਗਤ ਲਈ ਇੱਕ ਬਹੁਤ ਹੀ ਮੰਦਭਾਗੇ ਹਾਦਸੇ ਵਿੱਚ 17 ਸਾਲ ਦੇ ਉਭਰਦੇ ਕ੍ਰਿਕਟਰ Ben Austin ਦੀ ਗੇਂਦ ਵੱਜਣ ਕਾਰਨ ਮੌਤ ਹੋ ਗਹੀ ਹੈ। ਮੰਗਲਵਾਰ ਸ਼ਾਮ ਮੈਲਬਰਨ ਦੇ ਬਾਹਰੀ ਪੂਰਬ ’ਚ ਸਥਿਤ Ferntree Gully ਦੇ Wally Tew Reserve ’ਚ ਸ਼ਾਮ ਲਗਭਗ 4:45 ਵਜੇ ਬੱਲੇਬਾਜ਼ੀ ਦੀ ਪ੍ਰੈਕਟਿਸ ਕਰਦਿਆਂ Ben Austin ਦੇ ਸਿਰ ਅਤੇ ਗਰਦਨ ’ਚ ਗੇਂਦ ਵੱਜੀ ਸੀ। ਉਸ ਨੂੰ ਗੰਭੀਰ ਹਾਲਤ ’ਚ ਤੁਰੰਤ Monash Medical Centre ’ਚ ਦਾਖ਼ਲ ਕਰਵਾਇਆ ਗਿਆ ਸੀ। The Ferntree Gully Cricket Club ਨੇ ਬੁੱਧਵਾਰ ਸਵੇਰੇ ਐਲਾਨ ਕੀਤਾ ਕਿ ਰਾਤ ਸਮੇਂ ਉਸ ਦੀ ਮੌਤ ਹੋ ਗਈ। ਇੱਕ ਫ਼ੇਸਬੁੱਕ ਪੋਸਟ ’ਚ ਕਲੱਬ ਨੇ ਕਿਹਾ, ‘‘ਅਸੀਂ Ben ਦੇ ਜਾਣ ਕਾਰਨ ਬਹੁਤ ਦੁਖੀ ਹਾਂ ਅਤੇ ਉਸ ਦੀ ਮੌਤ ਦੇ ਪ੍ਰਭਾਵ ਸਾਡੇ ਕ੍ਰਿਕਟ ਭਾਈਚਾਰੇ ਦੇ ਸਾਰੇ ਲੋਕ ਮਹਿਸੂਸ ਕਰਨਗੇ।’’ ਕ੍ਰਿਕਟ ਵਿਕਟੋਰੀਆ ਅਤੇ ਕ੍ਰਿਕਟ ਆਸਟ੍ਰੇਲੀਆ ਨੇ ਵੀ Ben ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕ੍ਰਿਕਟ ਵਿਕਟੋਰੀਆ ਦੇ CEO Nick Cummins ਨੇ ਕਿਹਾ ਕਿ Ben ਦੀ ਮੌਤ ਉਸ ਦੇ ਪਰਿਵਾਰ ਲਈ ‘ਬਹੁਤ ਦੁੱਖ ਭਰੀ’ ਗੱਲ ਹੈ। ਕ੍ਰਿਕਟ ਆਸਟ੍ਰੇਲੀਆ ਦੇ ਮੁਖੀ Mike Baird ਨੇ ਕਿਹਾ ਕਿ ਇਹ ਘਟਨਾ Ben ਦੇ ਪਰਿਵਾਰ ਅਤੇ ਪੂਰੀ ਕ੍ਰਿਕੇਟ ਕਮਿਊਨਿਟੀ ਲਈ ਦਿਲ ਤੋੜਨ ਵਾਲੀ ਖ਼ਬਰ ਹੈ।
ਮੈਲਬਰਨ ਦੇ ਕ੍ਰਿਕਟ ਕਲੱਬ ’ਚ ਮੰਦਭਾਗਾ ਹਾਦਸਾ, ਉਭਰਦੇ ਕ੍ਰਿਕਟਰ ਦੀ ਗੇਂਦ ਵੱਜਣ ਕਾਰਨ ਮੌਤ
			
					



