ਹੈਮਿਲਟਨ ’ਚ ਪੰਜਾਬਣ ਦੀ ਤੇਜ਼ ਰਫਤਾਰ ਗੱਡੀ ਨੇ ਲਈ ਇੱਕ ਵਿਅਕਤੀ ਦੀ ਜਾਨ

ਮੈਲਬਰਨ : ਨਿਊਜ਼ੀਲੈਂਡ ਦੇ ਹੈਮਿਲਟਨ ’ਚ ਤੇਜ਼ ਰਫਤਾਰੀ ਦਾ ਅਜੀਬੋ-ਗ਼ਰੀਬ ਮਾਮਲਾ ਵੇਖਣ ਨੂੰ ਮਿਲਿਆ ਹੈ। ਪੰਜਾਬੀ ਮੂਲ ਦੀ ਸ਼ਰਨਜੀਤ ਕੌਰ ਦੀ ਤੇਜ਼ ਰਫਤਾਰ ਗੱਡੀ ਨੇ Williamson ਰੋਡ ’ਤੇ ਜਾ ਰਹੇ Jonathan Baker ਦੀ ਜਾਨ ਲੈ ਲਈ।

ਦਰਅਸਲ ਸ਼ਰਨਜੀਤ ਕੌਰ (40) ਆਪਣੇ ਪ੍ਰੇਮੀ ਵੱਲੋਂ ਉਸ ਦੀ ਪਤਨੀ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਕਾਰਨ ਸੀ ਗੁੱਸੇ ’ਚ ਸੀ। 27 ਜੂਨ ਦੀ ਸਵੇਰ ਜਦੋਂ ਉਸ ਨੇ ਆਪਣੇ ਪ੍ਰੇਮੀ ਦੀ ਤਸਵੀਰ ਉਸ ਦੀ ਪਤਨੀ ਨਾਲ ਵੇਖੀ ਤਾਂ ਉਹ ਭੜਕ ਗਈ ਅਤੇ ਆਪਣੇ ਪ੍ਰੇਮੀ ਨਾਲ ਝਗੜਾ ਕਰਨ ਮਗਰੋਂ ਗੱਡੀ ਲੈ ਕੇ ਉਸ ਦੀ ਪਤਨੀ ਪਿੱਛੇ ਚਲ ਪਈ, ਜੋ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਵਾਪਸ ਘਰ ਜਾ ਰਹੀ ਸੀ। ਸ਼ਰਨਜੀਤ ਕੌਰ ਨੇ ਪਹਿਲਾਂ ਤਾਂ ਉਸ ਦੀ ਗੱਡੀ ਅੱਗੇ ਆਪਣੀ ਗੱਡੀ ਲਗਾ ਲਈ ਅਤੇ ਜ਼ੋਰ-ਜ਼ੋਰ ਦੀ ਉਸ ਦੀ ਕਾਰ ਦਾ ਸ਼ੀਸ਼ਾ ਖੜਕਾਉਣ ਲੱਗੀ। ਪਰ ਜਦੋਂ ਉਹ ਔਰਤ ਗੱਡੀ ਮੋੜ ਕੇ ਅੱਗੇ ਵਧ ਗਈ ਤਾਂ ਸ਼ਰਨਜੀਤ ਵੀ ਤੇਜ਼ ਰਫ਼ਤਾਰ ’ਚ ਉਸ ਦਾ ਪਿੱਛਾ ਕਰਨ ਲੱਗੀ।

Williamson ਰੋਡ ’ਤੇ ਗ਼ਲਤ ਸਾਈਡ ਜਾਂਦੇ ਸਮੇਂ ਚੜ੍ਹਾਈ ਦੇ ਸਿਖਰ ’ਤੇ ਉਸ ਦੀ ਗੱਡੀ Jonathan Baker ਦੀ ਗੱਡੀ ਨਾਲ ਜਾ ਵੱਜੀ। ਉਸ ਸਮੇਂ ਸ਼ਰਨਜੀਤ ਕੌਰ ਦੀ ਰਫ਼ਤਾਰ 109 ਕਿਲੋਮੀਟਰ ਪ੍ਰਤੀ ਘੰਟਾ ਸੀ। Jonathan Baker ਦੀ ਮੌਤ ਹੋ ਗਈ ਅਤੇ ਸ਼ਰਨਜੀਤ ਨੂੰ ਮਾਮੂਲੀ ਸੱਟਾਂ ਲੱਗੀਆਂ।

ਸ਼ਰਨਜੀਤ ਕੌਰ ਨੂੰ ਅੱਜ ਹੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਮ੍ਰਿਤਕ ਦਾ ਪੂਰਾ ਪਰਿਵਾਰ ਹਾਜ਼ਰ ਸੀ। ਮ੍ਰਿਤਕ ਦੀ ਸੱਸ ਨੇ ਅਦਾਲਤ ’ਚ ਕਿਹਾ, ‘‘ਜੇਕਰ ਕੋਈ ਪਤਨੀ ਸੌਂਕਣ ਦਾ ਪਿੱਛਾ ਕਰ ਰਹੀ ਹੋਵੇ ਤਾਂ ਸਮਝ ਆਉਂਦਾ ਹੈ ਪਰ ਸੌਂਕਣ ਵੱਲੋਂ ਕਿਸੇ ਦੀ ਪਤਨੀ ਦਾ ਪਿੱਛਾ ਕਰਨਾ ਘਟੀਆ ਨਾਵਲ ਵਾਂਗ ਲਗਦੈ।’’ ਜ਼ਿਕਰਯੋਗ ਹੈ ਕਿ ਸ਼ਰਨਜੀਤ ਦੇ ਆਪਣੇ ਪ੍ਰੇਮੀ ਨਾਲ ਪਿਛਲੇ 8 ਸਾਲ ਤੋਂ ਸਬੰਧ ਚਲਦੇ ਆ ਰਹੇ ਸਨ ਪਰ ਉਸ ਦੇ ਪ੍ਰੇਮੀ ਨੇ ਆਪਣੀ ਪਤਨੀ ਨੂੰ ਤਲਾਕ ਨਹੀਂ ਦਿੱਤਾ ਸੀ ਅਤੇ ਕਦੇ-ਕਦਾਈਂ ਉਸ ਦੇ ਘਰ ਜਾਂਦਾ ਰਹਿੰਦਾ ਸੀ।

ਸ਼ਰਨਜੀਤ ਕੌਰ ਦੇ ਵਕੀਲ ਅਨਜੀਤ ਸਿੰਘ ਨੇ ਅਦਾਲਤ ਨੂੰ ਕਿਹਾ ਕਿ ਉਸ ਦੀ ਕਲਾਇੰਟ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਔਰਤ ਹੈ ਪਰ ਉਸ ਨੂੰ ਜੇਲ੍ਹ ਨਾ ਭੇਜਿਆ ਜਾਵੇ ਅਤੇ ਘਰ ’ਚ ਹੀ ਨਜ਼ਰਬੰਦੀ ’ਚ ਰੱਖਿਆ ਜਾਵੇ। ਜੱਜ ਨੇ ਸ਼ਰਨਜੀਤ ਕੌਰ ਨੂੰ ਚਾਰ ਸਾਲ ਲਈ ਜੇਲ ਦੀ ਸਜ਼ਾ ਦਿੱਤੀ ਹੈ ਅਤੇ ਪੰਜ ਸਾਲਾਂ ਤਕ ਡਰਾਈਵਿੰਗ ਕਰਨ ’ਤੇ ਰੋਕ ਲਗਾ ਦਿੱਤੀ ਹੈ।