ਮੈਲਬਰਨ : NSW ਦੇ Newcastle ’ਚ Bar Beach ’ਤੇ ਅੱਜ ਸੈਂਕੜੇ ਲੋਕਾਂ ਨੇ ਸੇਜਲ ਅੱਖਾਂ ਨਾਲ ਏਕਮਪ੍ਰੀਤ ਸਿੰਘ ਸਾਹਨੀ ਨੂੰ ਸ਼ਰਧਾਂਜਲੀ ਦਿੱਤੀ। ਉਸ ਦੀ ਮਾਂ ਯਾਸਮੀਨ ਸਾਹਨੀ ਸਿੰਘ ਜਦੋਂ ਪਹੁੰਚੀ ਤਾਂ ਉਹ ਕਾਰ ਪਾਰਕ ਦੀ ਜ਼ਮੀਨ ’ਤੇ ਰੋ ਰਹੀ ਸੀ, ਜਿੱਥੇ ਉਸ ਦੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਟਰਬਨਜ਼4ਆਸਟ੍ਰੇਲੀਆ ਦੇ ਸੰਸਥਾਪਕ ਅਤੇ 2023 ਆਸਟ੍ਰੇਲੀਆ ਦੇ ਸਥਾਨਕ ਹੀਰੋ ਪੁਰਸਕਾਰ ਪ੍ਰਾਪਤ ਕਰਨ ਵਾਲੇ ਅਮਰ ਸਿੰਘ ਨੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਬੋਲਦੇ ਹੋਏ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, ‘‘ਇਹ ਇਕ ਰੀਜਨਲ ਕਸਬੇ ਲਈ ਸਗੋਂ ਸਾਡੇ ਨੌਜਵਾਨਾਂ ਲਈ ਵੀ ਦੁਖਾਂਤ ਹੈ। ਇੰਨੀ ਛੋਟੀ ਉਮਰ ’ਚ ਕਿਸੇ ਦੀ ਜਾਨ ਨਹੀਂ ਜਾਣੀ ਚਾਹੀਦੀ, ਇਹ ਜੁਰਮ ਬੇਤੁਕਾ ਹੈ।’’ ਉਨ੍ਹਾਂ ਨੇ ਪਰਿਵਾਰ ਵੱਲੋਂ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸ਼ਰਧਾਂਜਲੀ ਸਮਾਗਮ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਕਿਰਪਾ ਕਰ ਕੇ ਇਸ ਸਹਾਇਤਾ ਨੂੰ ਜਾਰੀ ਰੱਖੋ ਕਿਉਂਕਿ ਆਉਣ ਵਾਲੇ ਮਹੀਨਿਆਂ ਵਿਚ ਉਨ੍ਹਾਂ ਨੂੰ ਇਸ ਦੀ ਜ਼ਰੂਰਤ ਹੋਵੇਗੀ।
ਏਕਮਪ੍ਰੀਤ ਸਿੰਘ ਸਾਹਨੀ ਦੇ ਪਿਤਾ ਅਮਰਿੰਦਰ ਸਿੰਘ ਨੇ ਵੀ ਭੀੜ ਨੂੰ ਸੰਬੋਧਨ ਕੀਤਾ ਅਤੇ ਜ਼ਿਆਦਾਤਰ ਪੰਜਾਬੀ ਵਿਚ ਬੋਲੇ। ਉਨ੍ਹਾਂ ਕਿਹਾ, ‘‘ਸਾਨੂੰ ਨਿਆਂ ਚਾਹੀਦਾ ਹੈ।’’ ਸ਼ਰਧਾਂਜਲੀ ਦੇਣ ਵਾਲਿਆਂ ’ਚ ਸ਼ਾਮਲ ਟੈਰੇਸਾ ਨੇ ਕਿਹਾ ਕਿ ਉਹ ਇਕ ਸਾਥੀ ਮਾਂ ਹੋਣ ਦੇ ਨਾਤੇ ਆਪਣਾ ਦੁੱਖ ਜ਼ਾਹਰ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ, ‘‘ਮੇਰੇ ਬੱਚੇ ਸ਼ਾਇਦ 20 ਸਾਲਾਂ ਤੋਂ ਇਸ ਫੁੱਟਪਾਥ ’ਤੇ ਚੱਲ ਰਹੇ ਹਨ। ਮੈਂ ਆਸਟ੍ਰੇਲੀਆਈ-ਭਾਰਤੀ ਭਾਈਚਾਰੇ ਲਈ ਦੁੱਖ ਮਹਿਸੂਸ ਕਰ ਸਕਦੀ ਹਾਂ। ਮੈਂ ਏਕਤ ਦੇ ਮਾਤਾ ਅਤੇ ਪਿਤਾ ਲਈ ਬਹੁਤ ਦੁਖੀ ਹਾਂ, ਇਸ ਘਾਟੇ ਬਾਰੇ ਸੋਚਣਾ ਅਸਹਿ ਹੈ।’’
ਇਕ ਹੋਰ ਹਾਜ਼ਰੀਨ ਸਮਿਤਾ ਨੇ ਕਿਹਾ ਕਿ ਉਸ ਨੇ ਪੀੜਤ ਪਰਿਵਾਰ ਨੂੰ ਕਈ ਵਾਰ ਸਥਾਨਕ ਗੁਰਦੁਆਰਿਆਂ ਵਿਚ ਦੇਖਿਆ ਹੈ। ਉਨ੍ਹਾਂ ਕਿਹਾ, ‘‘ਹਰ ਸਾਲ, ਹਰ ਤਿਉਹਾਰ ’ਤੇ ਇੱਥੇ ਇੱਕ ਖਾਲੀ ਸੀਟ ਹੋਵੇਗੀ।’’
ਕਾਤਲ ਨੇ ਅਦਾਲਤ ’ਚ ਆਪਣੇ ਕੀਤੇ ’ਤੇ ਪਛਤਾਵਾ ਜ਼ਾਹਰ ਕੀਤਾ
ਦੂਜੇ ਪਾਸੇ ਅੱਜ ਏਕਮਪ੍ਰੀਤ ਸਿੰਘ ਨੂੰ ਕਤਲ ਕਰਨ ਵਾਲੇ 22 ਸਾਲ ਦੇ ਨੌਜੁਆਨ Decklen Deaves-Thornton ਨੂੰ ਅਦਾਲਤ ’ਚ ਵੀਡੀਓ ਲਿੰਕ ਰਾਹੀਂ ਪੇਸ਼ ਕੀਤਾ ਗਿਆ। ਉਸ ਦੇ ਵਕੀਲ ਨੇ ਕਿਹਾ ਕਿ ਉਹ Decklen ਨੂੰ ਇਸ ਘਟਨਾ ਲਈ ਬਹੁਤ ਦੁੱਖ ਹੈ ਅਤੇ ਉਹ ਉਸ ਸਮੇਂ ਕਿਸੇ ਦੀ ਜਾਨ ਨਹੀਂ ਲੈਣਾ ਚਾਹੁੰਦਾ ਸੀ।
ਪੁਲਿਸ ਨੇ ਕਿਹਾ ਸੀ ਕਿ ਏਕਮ ਦਾ ਬੁੱਧਵਾਰ ਰਾਤ Bar Beach ਦੇ ਕਾਰਪਾਰਕ ’ਚ ਇੱਕ ਸਮੂਹ ਨਾਲ ਝਗੜਾ ਹੋ ਗਿਆ ਸੀ। ਪਰ ਥੋੜ੍ਹੀ ਦੇਰ ਬਾਅਦ ਦੋਹਾਂ ਧਿਰਾਂ ਦੀ ਸੁਲਹ ਹੋ ਗਈ ਅਤੇ ਦੋਹਾਂ ਨੇ ਜੱਫ਼ੀਆਂ ਵੀ ਪਾ ਲਈਆਂ ਸਨ। ਪਰ ਨੇੜੇ ਹੀ ਇੱਕ ਗੱਡੀ ਅੰਦਰ ਬੈਠੇ Decklen ਨੂੰ ਇਸ ਦੌਰਾਨ ਕੀਤੀ ਗਈ ਇੱਕ ਟਿੱਪਣੀ ’ਤੇ ਅਚਾਨਕ ਗੁੱਸਾ ਆ ਗਿਆ ਅਤੇ ਉਹ ਤੁਰਤ ਚੋਰ ਕੀਤੀ ਗੱਡੀ ’ਚੋਂ ਬੰਦੂਕ ਕੱਢ ਕੇ ਲੈ ਆਇਆ। ਉਸ ਨੂੰ ਹੁਣ 18 ਜੂਨ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।