ਆਸਟ੍ਰੇਲੀਆ ’ਚ ਪੰਜਾਬੀ ਟਰੱਕ ਡਰਾਈਵਰ ਗੁਰਵਿੰਦਰ ਸਿੰਘ ਦੀ ਸੜਕ ਹਾਦਸੇ ’ਚ ਮੌਤ

ਮੈਲਬਰਨ : Western Australia ਦੇ Wheatbelt ਇਲਾਕੇ ਵਿੱਚ ਇੱਕ ਹਾਦਸੇ ਕਾਰਨ 34 ਸਾਲ ਦੇ ਟਰੱਕ ਡਰਾਈਵਰ ਗੁਰਵਿੰਦਰ ਸਿੰਘ ਦੀ ਦੁਖਦਾਈ ਮੌਤ ਹੋ ਗਈ। ਉਹ ਭਾਰਤ ਤੋਂ ਆਪਣੇ ਸਹੁਰੇ ਦੇ ਆਉਣ ਦਾ ਜਸ਼ਨ ਮਨਾਉਣ ਲਈ ਘਰ ਜਾ ਰਿਹਾ ਸੀ ਕਿ ਉਸ ਦਾ ਦੋ ਸੈਮੀ ਟਰੇਲਰਾਂ ਨੂੰ Calingiri-Wongan Hills ਰੋਡ ’ਤੇ ਖਿੱਚ ਰਿਹਾ ਟਰੱਕ Perth ਤੋਂ 170 ਕਿਲੋਮੀਟਰ ਦੂਰ ਨੌਰਥ ’ਚ ਇਕ ਦਰੱਖਤ ਨਾਲ ਟਕਰਾ ਗਿਆ ਅਤੇ Ninan ਝੀਲ ’ਚ ਪਲਟ ਗਿਆ। ਹਾਦਸੇ ’ਚ ਇੱਕ ਹੋਰ ਡਰਾਈਵਰ ਵੀ ਜ਼ਖ਼ਮੀ ਹੋ ਗਿਆ ਅਤੇ ਹਸਪਤਾਲ ’ਚ ਭਰਤੀ ਹੈ।

ਜਾਣਕਾਰਾਂ ’ਚ ‘ਸੋਢੀ’ ਵਜੋਂ ਮਸ਼ਹੂਰ ਗੁਰਵਿੰਦਰ ਸਿੰਘ ਆਪਣੇ ਛੇ ਸਾਲ ਦੇ ਬੇਟੇ ਵਿਲੀਅਮਜੀਤ ਲਈ ਇੱਕ ‘ਸੁਪਰਹੀਰੋ’ ਸੀ। ਉਸ ਦੀ ਪਤਨੀ, ਮਨਿੰਦਰ ਕੌਰ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਨੂੰ ਟਰੱਕ ਚਲਾਉਣ ਦਾ ਕੰਮ ਪਸੰਦ ਸੀ ਅਤੇ ਉਹ ਆਪਣੀ ਕੰਪਨੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਸੀ। ਪਰ ਸਭ ਤੋਂ ਵੱਧ, ਉਸ ਨੂੰ ਆਪਣੇ ਪਰਿਵਾਰ ਨਾਲ ਪਿਆਰ ਸੀ।

ਅੰਤਿਮ ਸੰਸਕਾਰ ਦੇ ਖਰਚਿਆਂ ਅਤੇ ਰਹਿਣ-ਸਹਿਣ ਦੇ ਖਰਚਿਆਂ ਨਾਲ ਪਰਿਵਾਰ ਦੀ ਸਹਾਇਤਾ ਕਰਨ ਲਈ ਇੱਕ ਗੋਫੰਡਮੀ ਮੁਹਿੰਮ ਸਥਾਪਤ ਕੀਤੀ ਗਈ ਹੈ। ਹਾਦਸੇ ਦੀ ਜਾਂਚ ਜਾਰੀ ਹੈ, ਪੁਲਿਸ ਨੇ ਉਨ੍ਹਾਂ ਦੀ ਜਾਂਚ ਵਿੱਚ ਸਹਾਇਤਾ ਲਈ ਜਾਣਕਾਰੀ ਅਤੇ ਡੈਸ਼ਕੈਮ ਫੁਟੇਜ ਦੀ ਮੰਗ ਕੀਤੀ ਹੈ।