ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਨੂੰ ਸਭ ਤੋਂ ਪਹਿਲਾਂ ਪਹਿਚਾਨਣ ਵਾਲੀ, ਉਨ੍ਹਾਂ ਨੂੰ ਵੀਰ ਰੂਪ ਵਿੱਚ ਨਹੀਂ, ਰੱਬ ਦਾ ਰੂਪ ਮੰਨਣ ਵਾਲੀ ਬੇਬੇ ਨਾਨਕੀ ਕਹਿਣ ਨੂੰ ਤਾਂ ਗੁਰੂ ਨਾਨਕ ਦੀ ਵੱਡੀ ਭੈਣ ਸੀ, ਪਰ ਅਸਲ ਵਿੱਚ ਅਸੀਂ ਉਸ ਨੂੰ ਗੁਰੂ ਨਾਨਕ ਦੀ ਪਹਿਲੀ ਗੁਰਸਿਖ ਆਖ ਸਕਦੇ ਹਾਂ। ਮਹਿਤਾ ਕਾਲੂ ਦੀ ਬੇਟੀ ਬੇਬੇ ਨਾਨਕੀ ਦਾ ਜਨਮ ਮਾਤਾ ਤ੍ਰਿਪਤਾ ਦੀ ਕੁੱਖੋਂ 2 ਅਪ੍ਰੈਲ 1464 ਈਸਵੀ ਨੂੰ ਆਪਣੇ ਨਾਨਕਿਆਂ ਦੇ ਪਿੰਡ ਚਾਹਲ, ਕਸੂਰ ਜੋ ਅਜੋਕੇ ਪਾਕਿਸਤਾਨ ਵਿੱਚ ਹੈ, ਨਾਨਾ ਰਾਮ ਜੀ, ਨਾਨੀ ਭਿਰਾਈ ਜੀ ਅਤੇ ਮਾਮਾ ਕ੍ਰਿਸ਼ਨ ਚੰਦ ਦੇ ਘਰ ਹੋਇਆ। ਆਪ ਜੀ ਦੇ ਦਾਦਾ-ਦਾਦੀ ਨੇ ਉਸ ਨੂੰ ਨਾਨਕੇ ਘਰ ਹੋਣ ਕਰਕੇ “ਨਾਨਕਿਆਂ ਦੀ” ਕਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਆਪ ਦੇ ਨਾਨਕੇ ਆਪ ਨੂੰ ਬਹੁਤ ਪਿਆਰ ਅਤੇ ਲਾਡ ਕਰਦੇ ਸਨ। “ਨਾਨਕਿਆਂ ਦੀ” ਸ਼ਬਦ ਹੀ ਅੱਗੇ ਚੱਲ ਕੇ ਨਾਨਕੀ ਬਣ ਗਿਆ। ਆਪ ਦੇ ਜਨਮ ਤੋਂ 5 ਸਾਲ ਬਾਅਦ ਮਾਤਾ ਤ੍ਰਿਪਤਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਨਾਨਕੀ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਉਹ ਆਪਣੇ ਚੰਦ ਵਰਗੇ ਵੀਰ ਨੂੰ ਚਾਵਾਂ ਨਾਲ ਖਿਡਾਉਂਦੀ। ਭੈਣ-ਭਰਾ ਦਾ ਪਿਆਰ ਦੇਖ ਕੇ ਨਾਨਕੀ ਦੇ ਇਸ ਵੀਰ ਦਾ ਨਾਮ ਨਾਨਕ ਰੱਖਿਆ ਗਿਆ। ਭੈਣ-ਭਰਾ ਦਾ ਪਿਆਰ ਆਪਣੀ ਮਿਸਾਲ ਆਪ ਸੀ। ਨਾਨਕ ਦੀ ਪ੍ਰਸੰਸਾ ਵਿਚ ਲਿਖੇ ਇਸ ਗੀਤ ਦੇ ਬੋਲ ਅੱਜ ਵੀ ਭੈਣ ਨਾਨਕੀ ਦੇ ਵੀਰ ਨਾਨਕ ਪ੍ਰਤੀ ਪਿਆਰ ਦੀ ਬਾਤ ਪਾਉਂਦੇ ਹਨ :
ਡਾਢਾ ਸੋਹਣਾ ਭੈਣ ਨਾਨਕੀ ਦਾ ਵੀਰ ਨੀ ਸਹੀਓ।
ਜਿਹੜੀ ਭੈਣ ਦਾ ਉਹ ਵੀਰ ਉਹ ਭੈਣ ਧੰਨ ਨੀ।
ਜਿਹੜੇ ਦੀਦ ਉਹਦਾ ਪਾਂਵਦੇ ਉਹ ਨੈਣ ਧੰਨ ਨੀ।
ਬਣੀ ਦੁਖੀਆਂ ਦੇ ਲਈ ਅਕਸੀਰ ਨੀ ਸਹੀਓ।
ਡਾਢਾ ਸੋਹਣਾ ……।
ਨਾਨਕ ਬਚਪਨ ਤੋਂ ਹੀ ਫਕੀਰ ਬਿਰਤੀ ਵਾਲਾ ਸੀ। ਉਸ ਘਰੋਂ ਆਪਣੀਆਂ ਵਸਤਾਂ ਬਾਹਰ ਆਪਣੇ ਸਾਥੀਆਂ ਨੂੰ ਵੰਡ ਦੇਣੀਆਂ। ਜੇ ਕਿਧਰੇ ਮਾਤਾ ਜੀ ਨੇ ਇਤਰਾਜ਼ ਜਤਾਉਣਾ ਜਾਂ ਟੋਕਣਾ, ਤਾਂ ਨਾਨਕੀ ਨੇ ਤੁਰੰਤ ਵੀਰ ਦਾ ਪੱਖ ਲੈਣਾ। ਉਹ ਆਪਣੇ ਮਾਤਾ-ਪਿਤਾ ਨੂੰ ਵੀ ਇਹੀ ਆਖਦੀ ਕਿ ਇਹ ਕੋਈ ਸਧਾਰਨ ਬਾਲਕ ਨਹੀਂ ਹੈ। ਉਸ ਨੂੰ ਨਾਨਕ ਮੁੱਖ ਵਿਚੋਂ ਰੱਬ ਦੇ ਦਰਸ਼ਨ ਹੁੰਦੇ ਜਾਪਦੇ ਸਨ।
11 ਕੁ ਸਾਲ ਦੀ ਉਮਰ ਸੀ ਨਾਨਕੀ ਜੀ ਦੀ ਜਦੋਂ ਉਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ। ਸੁਲਤਾਨਪੁਰ ਦੇ ਪਟਵਾਰੀ ਪਰਮਾਨੰਦ ਦਾ ਪੁੱਤਰ ਜੈਰਾਮ ਨਾਨਕੀ ਲਈ ਯੋਗ ਵਰ ਪਾਇਆ ਗਿਆ। ਪਰਮਾਨੰਦ ਸੁਲਤਾਨਪੁਰ ਦੇ ਨਵਾਬ ਦੌਲਤ ਖਾਂ ਪਾਸ ਪਟਵਾਰੀ ਦੀ ਨੌਕਰੀ ਕਰਦਾ ਸੀ। ਜੈਰਾਮ ਦੇ ਛੋਟੇ ਹੁੰਦੇ ਹੀ ਉਸ ਦਾ ਦਿਹਾਂਤ ਹੋ ਗਿਆ ਸੀ ਅਤੇ ਜਵਾਨ ਹੋਣ ’ਤੇ ਜੈਰਾਮ ਨੇ ਆਪਣੇ ਪਿਤਾ ਵਾਲਾ ਕੰਮ ਸੰਭਾਲ ਲਿਆ ਸੀ। ਉਹ ਜ਼ਮੀਨ ਦੀ ਮਿਣਤੀ ਵਗੈਰਾ ਕਰਨ ਲਈ ਤਲਵੰਡੀ ਵੀ ਆਇਆ ਕਰਦਾ ਸੀ ਅਤੇ ਰਾਇ ਬੁਲਾਰ ਨੇ ਮਹਿਤਾ ਕਾਲੂ ਨੂੰ ਉਸ ਦੀ ਸਿਫਾਰਸ਼ ਕੀਤੀ ਸੀ, ਜਿਸ ਕਾਰਨ ਇਹ ਸੰਜੋਗ ਜੁੜਿਆ। ਜੈਰਾਮ ਖੁਦ ਬਹੁਤ ਸੋਹਣਾ ਹਸਮੁੱਖ ਅਤੇ ਬੀਬਾ ਨੌਜਵਾਨ ਹੋਣ ਦੇ ਨਾਲ-ਨਾਲ ਆਪਣੇ ਕੰਮ ਨੂੰ ਬਹੁਤ ਇਮਾਨਦਾਰੀ ਨਾਲ ਕਰਨ ਵਾਲਾ ਸੀ। ਜੈਰਾਮ ਨੇ ਨਾਨਕੀ ਨੂੰ ਅਤੇ ਆਪਣੇ ਸਹੁਰੇ ਪਰਿਵਾਰ ਨੂੰ ਖੂਬ ਸਤਿਕਾਰ ਦਿੱਤਾ। ਪ੍ਰਭੂ ਦੀ ਕੁਦਰਤ ਕਿ ਇਸ ਜੋੜੀ ਦੇ ਕੋਈ ਸੰਤਾਨ ਨਹੀਂ ਪੈਦਾ ਹੋਈ।
ਨਾਨਕੀ ਵਿਆਹ ਉਪਰੰਤ ਸੁਲਤਾਨਪੁਰ ਰਹਿਣ ਲੱਗ ਗਈ ਸੀ, ਪਰ ਉਸਦਾ ਧਿਆਨ ਤਲਵੰਡੀ ਆਪਣੇ ਵੀਰ ਨਾਨਕ ਵੱਲ ਹੀ ਰਹਿੰਦਾ ਸੀ। ਮਹਿਤਾ ਕਾਲੂ ਵਿੱਚ ਦੁਨਿਆਵੀ ਬਿਰਤੀ ਭਾਰੂ ਸੀ ਜਦਕਿ ਨਾਨਕ ਫ਼ਕੀਰਾਨਾ ਉਦਾਸੀ ਵਿੱਚ ਸੀ। ਇਸ ਕਾਰਨ ਪਿਤਾ ਦੇ ਮਨ ਵਿਚ ਪੁੱਤਰ ਪ੍ਰਤੀ ਕਈ ਸ਼ਿਕਾਇਤਾਂ ਸਨ। ਜਦੋਂ ਪਿਤਾ ਨੇ ਨਾਨਕ ਨੂੰ ਵੀਹ ਰੁਪਏ ਦੇ ਕੇ ਕੋਈ ਵਪਾਰ ਕਰਨ ਲਈ ਭੇਜਿਆ ਸੀ ਤਾਂ ਨਾਨਕ ਜੀ ਉਹ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣ ਤੇ ਖਰਚ ਕਰ ਆਏ ਸਨ। ਉਦੋਂ ਮਹਿਤਾ ਕਾਲੂ ਨੇ ਗੁੱਸੇ ਵਿਚ ਨਾਨਕ ਦੇ ਚਪੇੜਾਂ ਵੀ ਮਾਰੀਆਂ ਸਨ। ਉਦੋਂ ਵੀ ਬੇਬੇ ਨਾਨਕੀ ਨੇ ਹੀ ਪਿਤਾ ਨੂੰ ਸਮਝਾਇਆ ਸੀ ਅਤੇ ਕਿਹਾ ਸੀ ਕਿ ਉਹ ਨਾਨਕ ਨੂੰ ਆਮ ਬੱਚਾ ਨਾ ਸਮਝੇ।
ਰਾਇ ਬੁਲਾਰ ਜੋ ਕਿ ਨਾਨਕ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਬੇਬੇ ਨਾਨਕੀ ਤੋਂ ਬਾਅਦ ਨਾਨਕ ਨੂੰ ਪਹਿਚਾਨਣ ਵਾਲਾ ਵੀ ਸੀ, ਉਹ ਵੀ ਗਾਹੇ ਬਗਾਹੇ ਕਾਲੂ ਨੂੰ ਨਾਨਕ ਨੂੰ ਘੂਰਨ ਤੋਂ ਵਰਜਦਾ। ਰਾਇ ਬੁਲਾਰ ਨੇ ਤਲਵੰਡੀ ਆਏ ਜੈਰਾਮ ਨੂੰ ਕਿਹਾ ਕਿ ਉਹ ਨਾਨਕ ਨੂੰ ਆਪਣੇ ਕੋਲ ਲੈ ਜਾਵੇ। ਜੈਰਾਮ ਨੇ ਇਹ ਸੁਝਾਅ ਤੁਰੰਤ ਪ੍ਰਵਾਨ ਕਰ ਲਿਆ ਅਤੇ ਨਾਨਕ ਜੀ ਆਪਣੀ ਭੈਣ ਨਾਨਕੀ ਦੇ ਘਰ ਆ ਕੇ ਰਹਿਣ ਲੱਗੇ। ਨਾਨਕ ਜੀ ਨੇ ਇੱਕ ਦਿਨ ਜੈਰਾਮ ਜੀ ਨੂੰ ਕਿਹਾ ਕਿ ਉਹ ਕੋਈ ਕਿਰਤ ਕਰਨੀ ਚਾਹੁੰਦੇ ਹਨ। ਭੈਣ ਨਾਨਕੀ ਆਪਣੇ ਰੱਬ ਰੂਪ ਵੀਰ ਤੋਂ ਕੋਈ ਕੰਮ ਨਹੀਂ ਕਰਵਾਉਣਾ ਚਾਹੁੰਦੀ। ਭਾਈਆ ਜੈਰਾਮ ਨੇ ਜਿਸ ਦੀ ਨਵਾਬ ਦੌਲਤ ਖਾਂ ਨਾਲ ਅੱਛੀ ਮਿੱਤਰਤਾ ਸੀ, ਨਾਨਕ ਨੂੰ ਮੋਦੀਖਾਨੇ ਵਿੱਚ ਨੌਕਰੀ ਦੁਆ ਦਿੱਤੀ।
ਨਾਨਕ ਜੀ ਕੰਮ ਕਰਦੇ ਹੋਏ ਵੀ ਪ੍ਰਭੂ ਭਗਤੀ ਕਰਦੇ ਰਹਿੰਦੇ । ਉਸ ਸਮੇਂ ਵਸਤੂ ਵਟਾਂਦਰਾ ਪ੍ਰਣਾਲੀ ਵਧੇਰੇ ਪ੍ਰਚੱਲਿਤ ਹੋਣ ਕਰਕੇ ਨਾਨਕ ਜੀ ਨੂੰ ਤਨਖਾਹ ਵੀ ਰਸਦ ਦੇ ਰੂਪ ਵਿੱਚ ਹੀ ਮਿਲਦੀ ਸੀ। ਜੋ ਉਹ ਉਥੇ ਹੀ ਰੱਖਦੇ ਅਤੇ ਉਸ ਵਿਚੋਂ ਲੋੜਵੰਦਾਂ ਨੂੰ ਦੇਈ ਜਾਂਦੇ। ਲੋਕਾਂ ਨੂੰ ਲੱਗਦਾ ਕਿ ਮੋਦੀਖਾਨੇ ਦਾ ਉਜਾੜਾ ਹੋ ਰਿਹਾ ਹੈ। ਸ਼ਿਕਾਇਤ ਕੀਤੀ ਗਈ। ਇੱਧਰ ਉਸੇ ਸਮੇਂ ਨਾਨਕ ਜੀ ਵੇਈਂ ਨਦੀ ਜਿਥੇ ਉਹ ਇਸ਼ਨਾਨ ਕਰਨ ਰੋਜ਼ਾਨਾ ਜਾਂਦੇ ਸੀ, ਉਥੋਂ ਤਿੰਨ ਦਿਨ ਲਈ ਘਰ ਨਾ ਆਏ। ਲੋਕਾਂ ਨੇ ਭਾਂਤ-ਭਾਂਤ ਦੀਆਂ ਗੱਲਾਂ ਅਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ। ਪਰ ਬੇਬੇ ਨਾਨਕੀ ਨੂੰ ਆਪਣੇ ਵੀਰ ਤੇ ਪੂਰਨ ਵਿਸ਼ਵਾਸ਼ ਸੀ। ਉਹ ਸਭ ਨੂੰ ਜਵਾਬ ਦਿੰਦੀ ਰਹੀ ਕਿ ਨਾਨਕ ਨੇ ਕੁਝ ਵੀ ਨਹੀਂ ਕੀਤਾ। ਬਾਅਦ ਵਿਚ ਜਾਂਚ ਪੜਤਾਲ ਹੋਈ ਤਾਂ ਸਗੋਂ ਨਾਨਕ ਵੱਲ ਬਕਾਇਆ ਨਿਕਲਿਆ। ਬੇਬੇ ਨਾਨਕੀ ਪੂਰੀ ਖੁਸ਼ ਸੀ ਅਤੇ ਉਸ ਨੇ ਪਰਮਾਤਮਾ ਦਾ ਕੋਟਿ ਕੋਟਿ ਸ਼ੁਕਰਾਨਾ ਕੀਤਾ।
ਨਾਨਕੀ ਨੇ ਆਪਣੇ ਪਤੀ ਭਾਈਆ ਜੈਰਾਮ ਦੀ ਮੱਦਦ ਨਾਲ ਵੀਰ ਨਾਨਕ ਦੇ ਰਿਸ਼ਤੇ ਲਈ ਕੁੜੀ ਲੱਭਣੀ ਸ਼ੁਰੂ ਕੀਤੀ। ਜੈਰਾਮ ਦਾ ਪੱਖੋਕੇ ਰੰਧਾਵਾ, ਪਰਗਨਾ ਗੁਰਦਾਸਪੁਰ ਵਿੱਚ ਵੀ ਆਪਣੇ ਕੰਮ ਦੇ ਸਿਲਸਿਲੇ ਵਿਚ ਆਉਣ ਜਾਣ ਸੀ। ਉਥੋਂ ਦੇ ਮੂਲਚੰਦ ਖੱਤਰੀ ਦੀ ਬੇਟੀ ਸੁਲੱਖਣੀ ਨੂੰ ਯੋਗ ਸਮਝ ਕੇ ਨਾਨਕ ਜੀ ਦਾ ਵਿਆਹ ਉਸ ਨਾਲ ਕਰਵਾਇਆ। ਵਿਆਹ ਪੂਰੀ ਧੂਮ ਧਾਮ ਨਾਲ ਹੋਇਆ ਅਤੇ ਵਿਆਹ ਤੋਂ ਬਾਅਦ ਸਾਰੀ ਬਰਾਤ ਬੇਬੇ ਨਾਨਕੀ ਦੇ ਘਰ ਵੀ ਇੱਕ ਦੋ ਦਿਨ ਲਈ ਰੁਕੀ ਸੀ। ਬੇਬੇ ਨਾਨਕੀ ਨੇ ਵੀਰ ਨਾਨਕ ਲਈ ਵੱਖਰਾ ਖੁਲ੍ਹੇ ਵਿਹੜੇ ਵਾਲਾ ਘਰ ਬਣਵਾ ਕੇ ਦਿੱਤਾ। ਸੁਲੱਖਣੀ ਦੀ ਕੁੱਖੋਂ ਦੋ ਪੁੱਤਰਾਂ ਸ੍ਰੀ ਚੰਦ ਅਤੇ ਲਖਮੀ ਦਾਸ ਪੈਦਾ ਹੋਏ। ਬੇਬੇ ਨਾਨਕੀ ਨੇ ਇਹਨਾਂ ਨੂੰ ਆਪਣੇ ਹੀ ਪੁੱਤਰ ਸਮਝ ਕੇ ਬਹੁਤ ਪਿਆਰ ਦਿੱਤਾ।
ਇੱਕ ਵਾਰ ਜਦੋ ਸੁਲੱਖਣੀ ਦੀ ਮਾਤਾ ਚੰਦ ਕੌਰ ਨਾਨਕ ਦੇ ਸੰਤ ਸੁਭਾਅ ਦੀ ਸ਼ਿਕਾਇਤ ਲੈ ਕੇ ਆਈ, ਉਦੋਂ ਵੀ ਨਾਨਕੀ ਨੇ ਕਿਹਾ ਕਿ ਬੇਬੇ ਸੁਲੱਖਣੀ ਨੂੰ ਕਿਸ ਚੀਜ਼ ਦਾ ਘਾਟਾ ਹੈ ? ਨਾਨਕ ਦਾ ਸੁਭਾਅ ਹੀ ਸੰਤਾਂ ਵਰਗਾ ਹੈ ਇਸ ਲਈ ਉਹ ਉਦਾਸ ਅਤੇ ਚੁੱਪ ਨਜ਼ਰ ਆਉਂਦਾ ਹੈ। ਮਾਤਾ ਦੀ ਸ਼ਿਕਾਇਤ ਦੂਰ ਹੋਈ।
ਗੁਰੂ ਨਾਨਕ ਜੀ ਨੇ ਹੁਣ ਉਦਾਸੀਆਂ ਆਰੰਭ ਕੀਤੀਆਂ। ਪਰਿਵਾਰ ਨੇ ਨਾਨਕੀ ਸਮੇਤ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬਾਬਾ ਜੀ ਨੇ ਆਪਣਾ ਮਨੋਰਥ ਦੱਸਿਆ ਅਤੇ ਕਿਹਾ ਕਿ ਮੈਂ ਸਦਾ ਤੁਹਾਡੇ ਨਾਲ ਹੀ ਰਵਾਂਗਾ। ਬੇਬੇ ਨਾਨਕੀ ਤੋਂ ਇੱਕ ਰੁਪਿਆ ਲੈ ਕੇ ਫਿਰੰਦੇ ਤੋਂ ਰਬਾਬ ਬਣਵਾਈ। ਇਹੀ ਰਬਾਬ ਨਾਲ ਮਰਦਾਨਾ ਸੰਗੀਤ ਦੀ ਸੁਰ ਵਜਾਉਂਦਾ ਤਾਂ ਭੈਣ ਨਾਨਕੀ ਦਾ ਪਿਆਰ ਵੀ ਯਾਦ ਰਹਿੰਦਾ। ਜਨਮ ਸਾਖੀਆਂ ਵਿਚ ਅਤੇ ਹੋਰ ਸਰੋਤਾਂ ਵਿਚ ਭੈਣ ਨਾਨਕੀ ਅਤੇ ਬਾਬਾ ਨਾਨਕ ਦੇ ਪਿਆਰ ਨੂੰ ਦਰਸਾਉਂਦੀਆਂ ਕਈ ਸਾਖੀਆਂ ਵੀ ਹਨ। ਜਿਵੇਂ ਬੇਬੇ ਨਾਨਕੀ ਤੋਂ ਰੋਟੀ ਫੁੱਲ ਗਈ, ਉਸ ਨੂੰ ਵੀਰ ਯਾਦ ਆਇਆ ਤੇ ਉਸੇ ਵੇਲੇ ਨਾਨਕ ਜੀ ਨੇ ਸਤਿ ਕਰਤਾਰ ਆਖ ਦਰਵਾਜੇ ਤੇ ਆ ਦਸਤਕ ਦਿੱਤੀ। ਇਨ੍ਹਾਂ ਸਾਖੀਆਂ ਦਾ ਮੂਲ ਮਨੋਰਥ ਭੈਣ-ਭਰਾ ਦੇ ਅਟੁੱਟ ਪਿਆਰ ਨੂੰ ਦਰਸਾਉਣਾ ਹੈ।
ਗੁਰੂ ਨਾਨਕ ਪਹਿਲੀ ਉਦਾਸੀ ਤੋਂ ਬਾਅਦ ਬੇਬੇ ਨਾਨਕੀ ਨੂੰ ਮਿਲਣ ਆਏ। ਜਦੋਂ ਵੀ ਪੰਜਾਬ ਆਉਂਦੇ, ਬੇਬੇ ਨਾਨਕੀ ਨੂੰ ਜ਼ਰੂਰ ਮਿਲਦੇ। ਦੂਸਰੀ ਉਦਾਸੀ ਤੋਂ ਬਾਅਦ ਆਏ ਹੋਏ ਨਾਨਕ ਨੂੰ ਬੇਬੇ ਨਾਨਕੀ ਨੇ ਰੋਕ ਲਿਆ। ਭੈਣ ਦਾ ਅੰਤਿਮ ਸਮਾਂ ਨੇੜੇ ਜਾਣ ਕੇ ਬਾਬਾ ਨਾਨਕ ਰੁਕ ਗਏ। ਜਦੋਂ 1518 ਈਸਵੀ ਵਿਚ ਨਾਨਕੀ ਜੀ ਨੇ ਪ੍ਰਾਣ ਤਿਆਗੇ, ਤਾਂ ਗੁਰੂ ਨਾਨਕ ਜੀ ਨੇ ਆਪਣੇ ਹੱਥੀਂ ਉਨ੍ਹਾਂ ਦਾ ਸੰਸਕਾਰ ਕੀਤਾ। ਉਨ੍ਹਾਂ ਤੋਂ ਤਿੰਨ ਦਿਨ ਬਾਅਦ ਹੀ ਜੈਰਾਮ ਜੀ ਵੀ ਅਕਾਲ ਚਲਾਣਾ ਕਰ ਗਏ। ਗੁਰੂ ਨਾਨਕ ਜੀ ਨੇ ਇਨ੍ਹਾਂ ਦਾ ਸੰਸਕਾਰ ਵੀ ਆਪਣੇ ਹੱਥੀਂ ਕੀਤਾ। ਜਿੱਥੇ ਅਤੇ ਜਦੋਂ ਵੀ ਗੁਰੂ ਨਾਨਕ ਦੇ ਉਪਕਾਰਾਂ ਅਤੇ ਜਗਤ ਉਧਾਰਣ ਦੀ ਗੱਲ ਤੁਰਦੀ ਹੈ, ਬੇਬੇ ਨਾਨਕੀ ਦਾ ਜ਼ਿਕਰ ਸਤਿਕਾਰ ਨਾਲ ਹੁੰਦਾ ਹੈ ਕਿਉਂਕਿ ਭਾਵੇਂ ਪਿੱਛੇ ਰਹਿ ਕੇ ਹੀ, ਉਨ੍ਹਾਂ ਦਾ ਬੜਾ ਵੱਡਾ ਯੋਗਦਾਨ ਸੀ ਗੁਰੂ ਨਾਨਕ ਦੀ ਸ਼ਖਸੀਅਤ ਘੜਨ ਵਿੱਚ। ਗੁਰੂ ਨਾਨਕ ਦੀ ਪਹਿਲੀ ਸਿੱਖ ਨੂੰ ਅਤੇ ਗੁਰਮਤਿ ਪਹਿਚਾਨਣ ਵਾਲੀ ਪਹਿਲੀ ਔਰਤ ਲਈ ਦਿਲੀ ਸਤਿਕਾਰ ਨਾਲ ਸਿਰ ਝੁਕਦਾ ਹੈ।
ਰੱਖੜੀ ਅਤੇ ਨਾਨਕੀ :- ਇੱਕ ਬਹੁਤ ਪ੍ਰਚਲਿਤ ਤਸਵੀਰ ਵਿੱਚ ਨਾਨਕੀ ਨੂੰ ਗੁਰੂ ਨਾਨਕ ਦੇ ਰੱਖੜੀ ਬੰਨ੍ਹਦੇ ਦਿਖਾਇਆ ਗਿਆ ਹੈ। ਸਤਿਕਾਰ ਅਤੇ ਨਿਮਰਤਾ ਨਾਲ ਆਖਣਾ ਚਾਹੁੰਦੇ ਹਾਂ ਕਿ ਰੱਖੜੀ ਦੀ ਰਸਮ 1538 ਈਸਵੀ ਵਿਚ ਸ਼ੁਰੂ ਹੋਈ ਹੈ ਜਦਕਿ ਬੇਬੇ ਨਾਨਕੀ ਜੀ 1518 ਈਸਵੀ ਵਿੱਚ ਸਵਰਗ ਸਿਧਾਰ ਗਏ ਸਨ। ਭੈਣ-ਭਰਾ ਦਾ ਪਿਆਰ, ਜ਼ਰੂਰੀ ਨਹੀਂ ਕਿ ਰੱਖੜੀ ਨਾਲ ਹੀ ਦਰਸਾਇਆ ਜਾ ਸਕਦਾ ਹੈ। ਸਾਨੂੰ ਅਗਿਆਨਤਾ ਤੋਂ ਬਚਣ ਦੀ ਬਹੁਤ ਲੋੜ ਹੈ। ਇਹ ਕਿਸੇ ਕਲਾਕਾਰ ਦੀ ਕਲਪਨਾ ਹੈ, ਜਿਸ ਨੂੰ ਗੁਰਮਤਿ ਵਿੱਚ ਕੋਈ ਥਾਂ ਪ੍ਰਾਪਤ ਨਹੀਂ ਹੈ।
ਜਸਵਿੰਦਰ ਸਿੰਘ ਰੁਪਾਲ
ਸੰਪਰਕ : 9814715796