Jim Chalmers ਨੇ ਪੇਸ਼ ਕੀਤਾ ਆਸਟ੍ਰੇਲੀਆ ਦਾ ਫ਼ੈਡਰਲ ਬਜਟ, ਜਾਣੋ ਪ੍ਰਮੁੱਖ ਐਲਾਨ

ਮੈਲਬਰਨ : ਟਰੈਜ਼ਰਰ Jim Chalmers ਨੇ ਆਸਟ੍ਰੇਲੀਆ ਲਈ 2025 ਦਾ ਫੈਡਰਲ ਬਜਟ ਪੇਸ਼ ਕਰ ਦਿੱਤਾ ਹੈ। ਬਜਟ ’ਚ ਮੁੱਖ ਧਿਆਨ ਰਹਿਣ-ਸਹਿਣ ਦੀ ਲਾਗਤ ਤੋਂ ਰਾਹਤ, ਮੈਡੀਕੇਅਰ ਨੂੰ ਮਜ਼ਬੂਤ ਕਰਨਾ ਅਤੇ ਗਲੋਬਲ ਆਰਥਿਕ ਚੁਣੌਤੀਆਂ ਲਈ ਤਿਆਰੀ ਕਰਨ ’ਤੇ ਰਿਹਾ ਹੈ।

ਬਜਟ ਵਿੱਚ ਸਭ ਤੋਂ ਵੱਡਾ ਐਲਾਨ ਔਸਤ ਕਮਾਈ ਕਰਨ ਵਾਲਿਆਂ ਲਈ ਪ੍ਰਤੀ ਹਫਤੇ 5 ਡਾਲਰ ਟੈਕਸ ਕਟੌਤੀ ਦੀ ਪੇਸ਼ਕਸ਼ ਕੀਤੀ ਗਈ ਹੈ, ਜੋ 2026-2027 ਤੱਕ ਵਧ ਕੇ 10 ਡਾਲਰ ਹੋ ਜਾਵੇਗੀ। ਹਾਲਾਂਕਿ ਵਿਰੋਧੀ ਧਿਰ ਨੇ ਇਸ ਨੂੰ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਰਿਸ਼ਵਤ ਵਾਲਾ ਕੰਮ ਦਸਿਆ ਹੈ।

ਇਸ ਤੋਂ ਇਲਾਵਾ ਬਜਟ ਵਿੱਚ ਨਵਿਆਉਣਯੋਗ ਊਰਜਾ ਅਤੇ ਹਰਿਤ ਧਾਤਾਂ (ਉਹ ਧਾਤਾਂ ਜੋ ਹਰਿਤ ਊਰਜਾ ਦੇ ਉਤਪਾਦਨ ’ਚ ਪ੍ਰਯੋਗ ਹੁੰਦੀਆਂ ਹਨ) ਦੇ ਉਦਯੋਗਾਂ ਵਿੱਚ 5 ਬਿਲੀਅਨ ਡਾਲਰ ਦਾ ਨਿਵੇਸ਼ ਵੀ ਸ਼ਾਮਲ ਹੈ, ਜਿਸ ਦਾ ਟੀਚਾ ਨਵਿਆਉਣਯੋਗ ਊਰਜਾ ਨੂੰ 2030 ਤੱਕ 82٪ ਲਿਆਉਣ ਦਾ ਹੈ।

ਬਜਟ ’ਚ ਹਾਊਸਿੰਗ ਨੂੰ ਸਸਤਾ ਕਰਨ ਅਤੇ ਸਪਲਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੀ ਕਈ ਪਹਿਲਕਦਮੀਆਂ ਦਾ ਵੀ ਖੁਲਾਸਾ ਕੀਤਾ ਗਿਆ ਹੈ। ਘਰ ਖਰੀਦਣ ਲਈ ਮਦਦ ਬਾਰੇ ਸਕੀਮ ’ਚ 800 ਮਿਲੀਅਨ ਡਾਲਰ ਦਾ ਵਿਸਥਾਰ ਕੀਤਾ ਗਿਆ ਹੈ। ਇਸ ਦਾ ਉਦੇਸ਼ ਪ੍ਰਾਪਰਟੀ ਦੇ ਮੁੱਲਾਂ ਅਤੇ ਖਰੀਦਦਾਰ ਆਮਦਨ ’ਤੇ ਹੱਦ ਨੂੰ ਵਧਾ ਕੇ ਲਗਭਗ 40,000 ਆਸਟ੍ਰੇਲੀਆਈ ਲੋਕਾਂ ਨੂੰ ਰਿਹਾਇਸ਼ੀ ਬਾਜ਼ਾਰ ਵਿੱਚ ਦਾਖਲ ਹੋਣ ਵਿੱਚ ਸਹਾਇਤਾ ਕਰਨਾ ਹੈ।

ਇਸ ਤੋਂ ਇਲਾਵਾ, 54 ਮਿਲੀਅਨ ਡਾਲਰ ਪ੍ਰੀਫੈਬ੍ਰੀਕੇਟਡ ਅਤੇ ਮਾਡਿਊਲਰ ਘਰਾਂ ਦੀ ਉਸਾਰੀ ਦਾ ਸਮਰਥਨ ਕਰਨ ਲਈ ਅਲਾਟ ਕੀਤੇ ਗਏ ਹਨ, ਜਿਸ ਦਾ ਉਦੇਸ਼ ਨਿਰਮਾਣ ਪ੍ਰਕਿਰਿਆਵਾਂ ਨੂੰ ਤੇਜ਼ ਕਰਨਾ ਅਤੇ 2029 ਤੱਕ 1.2 ਮਿਲੀਅਨ ਘਰਾਂ ਦੇ ਨਿਰਮਾਣ ਦੇ ਟੀਚੇ ਨੂੰ ਪੂਰਾ ਕਰਨਾ ਹੈ।

ਵਿਦੇਸ਼ੀ ਖਰੀਦਦਾਰਾਂ ਨੂੰ ਸੀਮਤ ਕਰਨ ਦੇ ਉਪਾਅ ਵੀ ਪੇਸ਼ ਕੀਤੇ ਗਏ ਹਨ, ਜਿਸ ਵਿੱਚ ਵਿਦੇਸ਼ੀਆਂ ਵੱਲੋਂ ਸਥਾਪਤ ਘਰਾਂ ਦੀ ਖਰੀਦ ’ਤੇ ਉਦੋਂ ਤੱਕ ਦੋ ਸਾਲ ਦੀ ਪਾਬੰਦੀ ਵੀ ਸ਼ਾਮਲ ਹੈ, ਜਦੋਂ ਤੱਕ ਕਿ ਉਹ ਰਿਹਾਇਸ਼ੀ ਸਪਲਾਈ ਵਿੱਚ ਮਹੱਤਵਪੂਰਣ ਯੋਗਦਾਨ ਨਹੀਂ ਦਿੰਦੇ।