ਆਸਟ੍ਰੇਲੀਆ ਸਰਕਾਰ ਨੇ ਵਿਆਜਮੁਕਤ ਕਰਜ਼ ਦੀ ਫ਼ੰਡਿੰਗ ’ਚ ਕੀਤਾ 48.7 ਮਿਲੀਅਨ ਡਾਲਰ ਦਾ ਵਾਧਾ, ਜਾਣੋ ਕੀ ਹੋਵੇਗੀ ਯੋਗਤਾ

ਮੈਲਬਰਨ : ਫ਼ੈਡਰਲ ਸਰਕਾਰ ਨੇ ਅਗਲੇ ਪੰਜ ਸਾਲਾਂ ਲਈ ਬਿਨਾਂ ਵਿਆਜ ਵਾਲੇ ਕਰਜ਼ੇ ਪ੍ਰਦਾਨ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੈ, ਜਿਸ ਵਿੱਚ ਵਾਧੂ 48.7 ਮਿਲੀਅਨ ਫੰਡਿੰਗ ਸ਼ਾਮਲ ਹੈ। ਇਹ ਪਹਿਲ, ਜਿਸ ਨੂੰ ‘ਨੋ ਇੰਟਰਸਟ ਲੋਨ ਪ੍ਰੋਗਰਾਮ’ (NILs) ਕਿਹਾ ਜਾਂਦਾ ਹੈ, ਰਹਿਣ-ਸਹਿਣ ਦੀ ਲਾਗਤ ਨਾਲ ਜੂਝ ਰਹੇ ਆਸਟ੍ਰੇਲੀਆਈ ਲੋਕਾਂ ਦੀ ਮਦਦ ਕਰੇਗੀ।

ਗੁੱਡ ਸ਼ੈਫਰਡ ਆਸਟ੍ਰੇਲੀਆ ਨਿਊਜ਼ੀਲੈਂਡ ਅਤੇ ਨੈਸ਼ਨਲ ਆਸਟ੍ਰੇਲੀਆ ਬੈਂਕ (NAB) ਦੇ ਨਾਲ ਭਾਈਵਾਲੀ ਵਿੱਚ NILs ਹੇਠ ਘਰੇਲੂ ਸਮਾਨ ਖ਼ਰੀਦਣ ਲਈ, ਸਿੱਖਿਆ ਅਤੇ ਡਾਕਟਰੀ ਖਰਚਿਆਂ ਵਰਗੀਆਂ ਜ਼ਰੂਰੀ ਚੀਜ਼ਾਂ ਲਈ 3,000 ਡਾਲਰ ਤੱਕ ਅਤੇ ਗੱਡੀਆਂ ਲਈ 5,000 ਡਾਲਰ ਤੱਕ ਦਾ ਵਿਆਜਮੁਕਤ ਕਰਜ਼ ਦਿੱਤਾ ਜਾਵੇਗਾ। ਇਸ ਪ੍ਰੋਗਰਾਮ ਨੇ ਪਹਿਲਾਂ ਹੀ ਇੱਕ ਮਿਲੀਅਨ ਤੋਂ ਵੱਧ ਆਸਟ੍ਰੇਲੀਆਈ ਲੋਕਾਂ ਨੂੰ ਲਾਭ ਪਹੁੰਚਾਇਆ ਹੈ। ਇਹ ਕਰਜ਼ ਦੇਸ਼ ਭਰ ’ਚ 600 ਥਾਵਾਂ ’ਤੇ ਮਿਲ ਸਕੇਗਾ।

ਇਹ ਕਰਜ਼ ਪ੍ਰਾਪਤ ਕਰਨ ਦੇ ਯੋਗ ਹੋਣ ਲਈ ਇੱਕ ਵਿਅਕਤੀ ਵਜੋਂ ਸਾਲਾਨਾ ਕਮਾਈ 70,000 ਡਾਲਰ ਤੋਂ ਘੱਟ ਹੋਣੀ ਚਾਹੀਦੀ ਹੈ ਜਾਂ ਇੱਕ ਜੋੜੇ ਲਈ 100,000 ਡਾਲਰ ਤੋਂ ਘੱਟ ਦੀ ਕਮਾਈ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪਿਛਲੇ 10 ਸਾਲਾਂ ਵਿੱਚ ਪਰਿਵਾਰਕ ਜਾਂ ਘਰੇਲੂ ਹਿੰਸਾ ਦੇ ਪੀੜਤਾਂ ਤੋਂ ਇਲਾਵਾ ਹੈਲਥ ਕੇਅਰ ਕਾਰਡ ਜਾਂ ਪੈਨਸ਼ਨ ਕਾਰਡ ਰੱਖਣ ਵਾਲਿਆਂ ਨੂੰ ਵੀ ਇਹ ਲਾਭ ਮਿਲ ਸਕੇਗਾ।