ਮੈਲਬਰਨ : ਆਸਟ੍ਰੇਲੀਆ ’ਚ ਗੁੜ ਅਤੇ ਸ਼ੱਕਰ ਦੀ ਵੱਡੀ ਮੰਗ ਹੋਣ ਦੇ ਬਾਵਜੂਦ ਕਦੇ ਇਨ੍ਹਾਂ ਦਾ ਉਤਪਾਦਨ ਨਹੀਂ ਕੀਤਾ ਗਿਆ ਸੀ। ਇੱਥੇ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਨੂੰ ਇੰਪੋਰਟ ਕੀਤਾ ਗੁੜ ਅਤੇ ਸ਼ੱਕਰ ਖ਼ਰੀਦਣਾ ਪੈਂਦਾ ਸੀ, ਪਰ ਹੁਣ ਅਜਿਹਾ ਨਹੀਂ ਰਿਹਾ। ਕੁਈਨਜ਼ਲੈਂਡ ’ਚ ਪੰਜਾਬੀ ਮੂਲ ਦਾ ਅਰਜੁਨ ਸਿੰਘ ਆਸਟ੍ਰੇਲੀਆ ਦਾ ਪਹਿਲਾ ਸ਼ੱਕਰ ਉਤਪਾਦਕ ਬਣ ਗਿਆ ਹੈ। ਅਰਜੁਨ ਸਿੰਘ ਨੇ ਇਸ ਕੰਮ ਲਈ ਮੈਲਬਰਨ ਦੇ ਚਕਾਚੌਂਧ ਵਾਲੇ ਮਾਹੌਲ ਨੂੰ ਛੱਡ ਕੇ ਕੁਈਨਜ਼ਲੈਂਡ ਦੇ ਦੂਰ-ਦੁਰਾਡੇ ਸਥਿਤ Tully ’ਚ ਚਲਾ ਗਿਆ।
ਉਸ ਨੇ Tully Sugar ਦੇ ਪ੍ਰੋਡਕਸ਼ਨ ਮੈਨੇਜਰ Brendan Rich ਨਾਲ ਭਾਈਵਾਲੀ ਕੀਤੀ ਅਤੇ 80 ਪਰਖਾਂ ਤੋਂ ਬਾਅਦ ਦੋਹਾਂ ਨੇ ਵਧੀਆ ਸੁਆਦ ਵਾਲਾ ਸ਼ੱਕਰ ਬਣਾ ਲਿਆ ਜੋ ਸਭ ਤੋਂ ਪਹਿਲਾਂ Cairns ’ਚ ਵੇਚਿਆ ਗਿਆ। ਫੇਸਬੁੱਕ ’ਤੇ ਦਿੱਤੇ ਇਸ਼ਤਿਹਾਰ ’ਤੇ ਉਨ੍ਹਾਂ ਨੂੰ 113 ਕਿੱਲੋ ਦਾ ਪਹਿਲਾ ਆਰਡਰ ਮਿਲਿਆ। ਉਨ੍ਹਾਂ ਦੀ ਕੰਪਨੀ Arjun Jaggery ਹੁਣ ਕੁਈਨਜ਼ਲੈਂਡ ਦੇ ਗਾਹਕਾਂ ਅਤੇ ਮੈਲਬਰਨ ਦੇ ਡਿਸਟ੍ਰੀਬਿਊਟਰਾਂ ਨੂੰ ਸ਼ੱਕਰ ਸਪਲਾਈ ਕਰਦੀ ਹੈ। ਅਰਜੁਨ ਸਿੰਘ ਨੇ ਉਤਪਾਦ ਦੀ ਸਫਲਤਾ ਦਾ ਸਿਹਰਾ ਇਸ ਦੇ ਵਿਲੱਖਣ ਸੁਆਦ ਅਤੇ ਸਿਹਤ ਲਾਭਾਂ ਨੂੰ ਦਿੱਤਾ ਅਤੇ ਇਸ ਨੂੰ ‘ਸਭ ਤੋਂ ਸਿਹਤਮੰਦ ਗੰਨਾ ਉਤਪਾਦ’ ਕਿਹਾ। ਹੁਣ ਦੋਵਾਂ ਦਾ ਉਦੇਸ਼ ਉਤਪਾਦ ਦੀ ਗੁਣਵੱਤਾ ਨੂੰ ਬਣਾਈ ਰੱਖਦੇ ਹੋਏ ਉਤਪਾਦਨ ਕੁਸ਼ਲਤਾ ਅਤੇ ਸ਼ੈਲਫ ਲਾਈਫ ਨੂੰ ਵਧਾਉਣਾ ਹੈ।
(ਤਸਵੀਰ ਅਤੇ ਵੇਰਵਾ ABC Asia ਤੋਂ ਧਨਵਾਦ ਸਹਿਤ)