ਮੈਲਬਰਨ : ਆਸਟ੍ਰੇਲੀਆ ਦੇ ਮਕਾਨ ਮਾਲਕ ਆਪਣੀ ਪ੍ਰਾਪਰਟੀ ਵੇਚ ਕੇ ਰਿਕਾਰਡ ਔਸਤਨ 3,06,000 ਡਾਲਰ ਦਾ ਮੁਨਾਫਾ ਕਮਾ ਰਹੇ ਹਨ, ਹਾਲਾਂਕਿ ਕੁਝ ਥਾਵਾਂ ਅਜਿਹੀਆਂ ਹਨ ਜਿੱਥੇ ਇਹ ਕੰਮ ਦੂਜਿਆਂ ਨਾਲੋਂ ਮੁਸ਼ਕਲ ਸਾਬਤ ਹੋ ਰਿਹਾ ਹੈ। ਆਸਟ੍ਰੇਲੀਆ ਦੀ ਹਾਊਸਿੰਗ ਮਾਰਕੀਟ ਵਿਚ ਘਾਟੇ ਅਤੇ ਲਾਭ ’ਤੇ ਨਜ਼ਰ ਰੱਖਣ ਵਾਲੀ ਤਾਜ਼ਾ CoreLogic ਰਿਪੋਰਟ ਵਿਚ ਪਾਇਆ ਗਿਆ ਹੈ ਕਿ 94.8 ਪ੍ਰਤੀਸ਼ਤ ਵਿਕਰੀਕਰਤਾ ਚੰਗਾ ਮੁਨਾਫੇ ਕਮਾ ਰਹੇ ਹਨ।
ਆਸਟ੍ਰੇਲੀਆ ਦੇ ਰਾਜਧਾਨੀ ਸ਼ਹਿਰਾਂ ਵਿੱਚ, ਬ੍ਰਿਸਬੇਨ ਨੇ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲੀ ਜਾਇਦਾਦ ਦੀ ਵਿਕਰੀ ਲਈ ਚੋਟੀ ਦਾ ਸਥਾਨ ਹਾਸਲ ਕੀਤਾ। ਇਸ ਤਿਮਾਹੀ ਦੌਰਾਨ ਇਸ ਸ਼ਹਿਰ ਵਿਚ ਲਗਭਗ ਹਰ ਰੀਸੇਲ (99.1 ਪ੍ਰਤੀਸ਼ਤ) ’ਤੇ ਮੁਨਾਫਾ ਕਮਾਇਆ ਗਿਆ। ਇਸ ਤੋਂ ਬਾਅਦ ਸਿਡਨੀ, ਮੈਲਬਰਨ, ਹੋਬਾਰਟ ਅਤੇ ਕੈਨਬਰਾ ਦੂਜੇ ਸਥਾਨ ’ਤੇ ਰਹੇ। ਕੋਰਲੋਜਿਕ ਦੇ ਖੋਜ ਮੁਖੀ Eliza Owen ਨੇ ਕਿਹਾ ਕਿ ਆਸਟ੍ਰੇਲੀਆ ਦੀ ਪ੍ਰਾਪਰਟੀ ਮਾਰਕੀਟ ਮੁਕਾਬਲੇਬਾਜ਼ ਬਣੀ ਹੋਈ ਹੈ ਅਤੇ ਰਿਕਾਰਡ ਮੁਨਾਫਾ ਇਸ ਗੱਲ ਦਾ ਸਬੂਤ ਹੈ ਕਿ ਕੀਮਤਾਂ ਵਾਪਸ ਵਧ ਰਹੀਆਂ ਹਨ।
ਕੁੱਝ ਥਾਵਾਂ ’ਤੇ ਅਜੇ ਵੀ ਵਿਕਰੀ ਨੁਕਸਾਨ ’ਤੇ ਚਲ ਰਹੀ
ਘਾਟੇ ’ਚ ਚੱਲ ਰਹੀ ਵਿਕਰੀ ਲਈ ਸਭ ਤੋਂ ਖਰਾਬ ਸਬਅਰਬਾਂ ’ਚੋਂ ਇਕ ਅੰਦਰੂਨੀ ਮੈਲਬਰਨ ਖੇਤਰ ਸੀ, ਜਿੱਥੇ ਤਿਮਾਹੀ ਦੌਰਾਨ 734 ਇਕਾਈਆਂ ਘਾਟੇ ’ਚ ਵਿਕੀਆਂ। ਸਿਡਨੀ ’ਚ ਸਭ ਤੋਂ ਜ਼ਿਆਦਾ ਘਾਟੇ ’ਚ ਚੱਲ ਰਹੀ ਵਿਕਰੀ Parramatta ਦੇ ਯੂਨਿਟ ਬਾਜ਼ਾਰ ’ਚ ਹੋਈ, ਜਿਸ ’ਚ 256 ਦੀ ਘਾਟੇ ’ਚ ਰੀਸੇਲ ਹੋਈ, ਇਸ ਤੋਂ ਬਾਅਦ Ryde ’ਚ 163 ਘਾਟੇ ’ਚ ਚੱਲ ਰਹੀਆਂ ਇਕਾਈਆਂ ਰਹੀਆਂ। ਡਾਰਵਿਨ ਅਤੇ ਰੀਜਨਲ ਨੌਰਦਰਨ ਟੈਰੀਟਰੀ ਦੇ ਪ੍ਰਾਪਰਟੀ ਲੈਣ-ਦੇਣ ਵਿੱਚ ਘਾਟੇ ਵਾਲੀ ਵਿਕਰੀ ਦਾ ਰੇਟ ਸਭ ਤੋਂ ਵੱਧ ਸੀ।