ਰੀਅਲ ਅਸਟੇਟ ਮਾਹਰ ਨੇ ਆਸਟ੍ਰੇਲੀਆ ’ਚ ਹਾਊਸਿੰਗ ਸੰਕਟ ਲਈ ਮਿਸਤਰੀਆ ਨੂੰ ਦਸਿਆ ਅਸਲ ਜ਼ਿੰਮੇਵਾਰ, ਜਾਣੋ ਕਾਰਨ

ਮੈਲਬਰਨ : ਰੀਅਲ ਅਸਟੇਟ ’ਚ ਤਜਰਬੇਕਾਰ Tom Panos ਦਾ ਇੱਕ ਸੋਸ਼ਲ ਮੀਡੀਆ ਵੀਡੀਓ ਅੱਜਕਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ’ਚ ਉਹ ਦਾਅਵਾ ਕਰ ਰਹੇ ਹਨ ਕਿ ਆਸਟ੍ਰੇਲੀਆ ਦਾ ਹਾਊਸਿੰਗ ਸੰਕਟ ਅਸਲ ’ਚ ਮਿਸਤਰੀਆਂ ਦੀ ਕਮੀ ਕਾਰਨ ਹੈ।

ਵੀਡੀਓ ’ਚ ਉਹ ਕਹਿੰਦੇ ਹਨ ਕਿ ਕੁਝ ਇੱਟਾਂ ਦੀ ਚਿਣਾਈ ਕਰਨ ਵਾਲੇ ਮਿਸਤਰੀ ਹੁਣ ਡਿਵੈਲਪਰਾਂ ਲਈ ਕੰਮ ਕਰਨ ਦੀ ਬਜਾਏ ਵੱਧ ਕਮਾਈ ਕਰਨ ਲਈ ਸੁਤੰਤਰ ਤੌਰ ’ਤੇ ਕੰਮ ਕਰ ਰਹੇ ਹਨ ਅਤੇ ਪ੍ਰਤੀ ਦਿਨ 900 ਡਾਲਰ ਤੱਕ ਕਮਾ ਰਹੇ ਹਨ। ਉਨ੍ਹਾਂ ਕਿਹਾ, ‘‘ਮਿਸਤਰੀਆਂ ਦੀਆਂ ਵੱਧ ਕਮਾਈ ਕਰਨ ਦੀਆਂ ਉਮੀਦਾਂ ਕਾਰਨ ਡਿਵੈਲਪਰਾਂ ਦੀਆ ਲਾਗਤਾਂ ਵੱਧ ਰਹੀਆਂ ਹਨ ਅਤੇ ਉਨ੍ਹਾਂ ਲਈ ਕੰਮ ਕਰਨਾ ਮੁਸ਼ਕਲ ਹੋ ਗਿਆ ਹੈ।’’ ਪੈਨੋਸ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਉਸਾਰੀ ਦੀ ਲਾਗਤ ਵਿੱਚ 40-50٪ ਦਾ ਵਾਧਾ ਹੋਇਆ ਹੈ, ਜਿਸ ਨਾਲ ਡਿਵੈਲਪਰਾਂ ਲਈ ਮਿਸਤਰੀਆਂ ਨੂੰ ਲੱਭਣਾ ਮੁਸ਼ਕਲ ਹੋ ਗਿਆ ਹੈ ਅਤੇ ਨਵੇਂ ਮਕਾਨਾਂ ਦੀ ਉਸਾਰੀ ’ਚ ਦੇਰੀ ਹੋ ਰਹੀ ਹੈ।

ਪੈਨੋਸ ਨੇ ਇਹ ਵੀ ਦਾਅਵਾ ਕੀਤਾ ਕਿ ਆਸਟ੍ਰੇਲੀਆ ਦੀ ਉਸਾਰੀ ਲਾਗਤ ਯੂ.ਕੇ., ਅਮਰੀਕਾ ਅਤੇ ਕੈਨੇਡਾ ਸਮੇਤ ਹੋਰ ਦੇਸ਼ਾਂ ਨਾਲੋਂ ਤਿੰਨ ਤੋਂ ਪੰਜ ਗੁਣਾ ਵੱਧ ਹੈ। ਉਨ੍ਹਾਂ ਸਿੱਟਾ ਕੱਢਿਆ ਕਿ ਡਿਵੈਲਪਰਾਂ ਲਈ ਸਰਕਾਰੀ ਮਦਦ ਤੋਂ ਬਗੈਰ, ਹਾਊਸਿੰਗ ਸੰਕਟ ਜਾਰੀ ਰਹੇਗਾ, ਅਤੇ ਇਹ ਵੀ ਕਿ ਵਧੇਰੇ ਜਗ੍ਹਾ ਅਤੇ ਜ਼ਮੀਨ ਬਣਾਉਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ ਜੇ ਨਿਰਮਾਣ ਕਰਨ ਲਈ ਕੋਈ ਮਿਸਤਰੀ ਹੀ ਨਹੀਂ ਹਨ।