ਮੈਲਬਰਨ : ਆਸਟ੍ਰੇਲੀਆ ’ਚ ਘਰ ਖ਼ਰੀਦਣ ਲਈ ਲੋੜੀਂਦੀ ਬਚਤ ਲਗਾਤਾਰ ਵਧਦੀ ਜਾ ਰਹੀ ਹੈ। ਇੱਕ ਨਵੀਂ ਰਿਸਰਚ ਅਲੂਸਾਰ ਸਿਡਨੀ ’ਚ ਔਸਤ ਕੀਮਤ ਦਾ ਘਰ ਖ਼ਰੀਦਣ ਲਈ ਅੱਜ ਦੀ ਤਰੀਕ ’ਚ 281,500 ਡਾਲਰ ਦੀ ਜਮ੍ਹਾਂ ਰਕਮ ਚਾਹੀਦੀ ਹੈ ਜੋ ਕਿ 10 ਸਾਲ ਪਹਿਲਾਂ 154,600 ਡਾਲਰ ਸੀ। ਇਸ ਤਰ੍ਹਾਂ ਜੇਕਰ ਕੋਈ ਔਸਤ ਤਨਖ਼ਾਹ ਵਾਲਾ ਵਿਅਕਤੀ 10 ਸਾਲ ਪਹਿਲਾਂ ਆਪਣੀ ਆਮਦਨ ਦਾ 15 ਫ਼ੀਸਦੀ ਬਚਤ ਕਰਦਾ ਸੀ ਤਾਂ ਵੀ ਉਸ ਕੋਲ ਅੱਜ ਘਰ ਖ਼ਰੀਦਣ ਲਈ 126,096 ਡਾਲਰ ਘੱਟ ਹੋਣਗੇ।
ਇਹੀ ਹਾਲਤ ਦੇਸ਼ ਦੇ ਹੋਰ ਸ਼ਹਿਰਾਂ ਦੀ ਵੀ ਹੈ। ਮੈਲਬਰਨ ’ਚ ਇਹ ਬਚਤ 42,059 ਡਾਲਰ, ਬ੍ਰਿਸਬੇਨ ’ਚ 58,699 ਡਾਲਰ, ਐਡੀਲੇਡ ’ਚ 52,392 ਡਾਲਰ, ਕੈਨਬਰਾ ’ਚ 62,764 ਡਾਲਰ, ਪਰਥ ’ਚ 19,873 ਡਾਲਰ ਅਤੇ ਹੋਬਾਰਟ ’ਚ 27,683 ਡਾਲਰ ਘੱਟ ਪਵੇਗੀ। ਇਹ ਬਚਤ ਸਿਰਫ਼ ਡਾਰਵਿਨ ’ਚ ਕਿਸੇ ਨੂੰ ਘਰ ਖ਼ਰੀਦਣ ਦੇ ਯੋਗ ਬਣਾਉਂਦੀ ਹੈ।
ਆਸਟ੍ਰੇਲੀਆ ਇੰਸਟੀਚਿਊਟ ਦੇ ਪ੍ਰਮੁੱਖ ਅਰਥਸ਼ਾਸਤਰੀ Greg Jericho ਅਨੁਸਾਰ, ‘‘ਅਸਲੀਅਤ ਇਹ ਹੈ ਕਿ ‘ਚੰਗੀ ਤਨਖ਼ਾਹ ਵਾਲੀ ਨੌਕਰੀ’ ਵਾਲੇ ਬਹੁਤ ਸਾਰੇ ਲੋਕਾਂ ਲਈ ਉਨ੍ਹਾਂ ਦੇ ਪਾਰਟਨਰ ਦੀ ਮਦਦ ਤੋਂ ਬਗ਼ੈਰ ਜਾਂ ਮਾਪਿਆਂ ਤੋਂ ਮਿਲੇ ਪੈਸੇ ਤੋਂ ਬਗੈਰ ਘਰ ਖ਼ਰੀਦਣ ਦੀ ਸੰਭਾਵਨਾ ਵੱਸ ਤੋਂ ਬਾਹਰ ਹੈ।’’ ਉਨ੍ਹਾਂ ਕਿਹਾ ਕਿ ਆ ਰਹੀਆਂ ਫ਼ੈਡਰਲ ਚੋਣਾਂ ’ਚ ਘਰ ਖ਼ਰੀਦਣ ਦੀ ਸਮਰਥਾ ਪ੍ਰਮੁੱਖ ਮੁੱਦਾ ਹੋਣਾ ਚਾਹੀਦਾ ਹੈ।