ਇੱਕ ਬੈੱਡਰੂਮ ਵਾਲੇ ਘਰ ’ਚ ਸੱਤ ਕਿਰਾਏਦਾਰ ਰੱਖਣ ਵਾਲੀ ਸਿਡਨੀ ਦੀ ਮਕਾਨ ਮਾਲਕਣ ਨੂੰ 4500 ਡਾਲਰ ਦਾ ਜੁਰਮਾਨਾ

ਮੈਲਬਰਨ : ਸਿਡਨੀ ਦੀ ਇੱਕ ਮਕਾਨ ਮਾਲਕਣ Katy Meng Yuan Chen ਨੂੰ ਕੌਂਸਲ ਨੇ 4500 ਡਾਲਰ ਦਾ ਜੁਰਮਾਨਾ ਲਾਇਆ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਇਕ ਬੈੱਡਰੂਮ ਵਾਲੇ ਘਰ ਨੂੰ ਗੈਰ-ਕਾਨੂੰਨੀ ਤਰੀਕੇ ਨਾਲ 7 ਕਿਰਾਏਦਾਰਾਂ ਲਈ ਬੋਰਡਿੰਗ ਹਾਊਸ ’ਚ ਬਦਲ ਦਿੱਤਾ। ਇਕ ਬੈੱਡਰੂਮ ਵਾਲੇ ਘਰ ਦੇ ਤੌਰ ’ਤੇ ਇਸ਼ਤਿਹਾਰ ਦਿੱਤੇ ਇਸ ਘਰ ਵਿਚ ਅਸਥਾਈ ਕੰਧਾਂ, ਸ਼ਾਵਰ ਦੇ ਅੰਦਰ ਇਕ ਪਖਾਨਾ ਅਤੇ ਗੈਰੇਜ ਵਿਚ ਤਿੰਨ ਲੋਕ ਰਹਿੰਦੇ ਸਨ।

9News ਦੇ ਪ੍ਰੋਗਰਾਮ A Current Affair ਨੂੰ ਦਿੱਤੇ ਬਿਆਨ ਮੁਤਾਬਕ ਇੱਕ ਕਿਰਾਏਦਾਰ ਡੈਨੀਅਲ ਦਾ ਦਾਅਵਾ ਹੈ ਕਿ ਉਹ ਪਿਛਲੇ ਅੱਠ ਸਾਲਾਂ ਤੋਂ ਪ੍ਰਤੀ ਹਫਤਾ 250 ਡਾਲਰ ਦਾ ਭੁਗਤਾਨ ਕਰਦਾ ਸੀ, ਜਿਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਮਕਾਨ ਮਾਲਕਣ ਪ੍ਰਤੀ ਹਫਤਾ 1750 ਡਾਲਰ ਕਮਾ ਰਹੀ ਸੀ। ਕੈਂਟਰਬਰੀ ਬੈਂਕਸਟਾਊਨ ਕੌਂਸਲ ਨੇ ਮਕਾਨ ਮਾਲਕਣ ਨੂੰ ਗ਼ੈਰਕਾਨੂੰਨੀ ਕੰਮ, ਵਰਤੋਂ ਅਤੇ ਵਿਕਾਸ ਸਹਿਮਤੀ ਦੀ ਪਾਲਣਾ ਨਾ ਕਰਨ ਲਈ 4500 ਡਾਲਰ ਦਾ ਜੁਰਮਾਨਾ ਲਗਾਇਆ। ਮਕਾਨ ਮਾਲਕਣ ਨੂੰ ਹੁਣ ਆਪਣੀ ਪ੍ਰਾਪਰਟੀ ਨੂੰ ਉਸ ਦੀ ਅਸਲ ਸਥਿਤੀ ਵਿੱਚ ਵਾਪਸ ਲਿਆਉਣਾ ਪਵੇਗਾ ਅਤੇ ਗੰਦਗੀ ਨੂੰ ਸਾਫ਼ ਕਰਨਾ ਪਵੇਗਾ।