ਸਖ਼ਤ ਗਰਮੀ ’ਚ SA ਦੇ 25 ਹਜ਼ਾਰ ਘਰਾਂ ’ਚ ਬਿਜਲੀ ਸਪਲਾਈ ਹੋਈ ਠੱਪ

ਮੈਲਬਰਨ : ਸਾਊਥ ਆਸਟ੍ਰੇਲੀਆ ਦੇ Yorke Peninsula ’ਚ ਬਿਜਲੀ ਸਪਲਾਈ ਠੱਪ ਹੋਣ ਕਾਰਨ 25,000 ਤੋਂ ਵੱਧ ਘਰਾਂ ਅਤੇ ਕਾਰੋਬਾਰਾਂ ’ਤੇ ਅਸਰ ਪਿਆ ਹੈ। ਲੋਕਾਂ ਨੂੰ ਬਗ਼ੈਰ ਬਿਜਲੀ ਤੋਂ 35 ਡਿਗਰੀ ਤਾਪਮਾਨ ਦੀ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰਾਂਸਮਿਸ਼ਨ ਫਾਲਟ ਦਾ ਕਾਰਨ ਮੀਂਹ ਦੀ ਕਮੀ ਕਾਰਨ ਬਿਜਲੀ ਲਾਈਨਾਂ ’ਤੇ ਧੂੜ ਅਤੇ ਨਮਕ ਦਾ ਜਮ੍ਹਾ ਹੋਣਾ ਹੈ। ਮੀਂਹ ਕਾਰਨ ਆਮ ਤੌਰ ’ਤੇ ਇਹ ਪਦਾਰਥਾਂ ਧੋਤੇ ਜਾਦੇ ਹਨ।

ਕੈਫੇ ਅਤੇ ਹੋਟਲਾਂ ਸਮੇਤ ਸਥਾਨਕ ਕਾਰੋਬਾਰਾਂ ਨੂੰ ਕੰਮ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਹੈ, ਜਿਸ ਨਾਲ ਵਿੱਤੀ ਨੁਕਸਾਨ ਹੋਇਆ ਹੈ। ਹਸਪਤਾਲ ਬੈਕਅੱਪ ਪਾਵਰ ਜਨਰੇਟਰਾਂ ’ਤੇ ਨਿਰਭਰ ਕਰ ਰਹੇ ਹਨ ਅਤੇ ਸਕੂਲ ਦਿਨ ਭਰ ਲਈ ਬੰਦ ਕਰ ਦਿੱਤੇ ਗਏ ਹਨ। ਬਿਜਲੀ ਸਪਲਾਇਅਰ ਇਲੈਕਟ੍ਰਾਨੈਟ ਨੁਕਸਾਨ ਦੀ ਮੁਰੰਮਤ ਕਰਨ ਅਤੇ ਜਲਦੀ ਤੋਂ ਜਲਦੀ ਬਿਜਲੀ ਬਹਾਲ ਕਰਨ ਲਈ ਕੰਮ ਕਰ ਰਿਹਾ ਹੈ।