ਨਿਊਜ਼ੀਲੈਂਡ ਤੱਕ ਪੁੱਜਾ ਸ਼੍ਰੋਮਣੀ ਕਮੇਟੀ ਦੇ ਫੈਸਲੇ ਵਿਰੁੱਧ ਰੋਸ

ਸਿੱਖ ਸਿਧਾਂਤਾਂ ਦੀ ਘੋਰ ਉਲੰਘਣਾ : NZ ਸੈਂਟਰਲ ਸਿੱਖ ਐਸੋਸੀਏਸ਼ਨ

ਆਕਲੈਂਡ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ 11 ਮੈਂਬਰਾਂ ਵੱਲੋਂ ਪਿਛਲੇ ਕੁੱਝ ਦਿਨਾਂ ’ਚ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਜਬਰੀ ਸੇਵਾ-ਮੁਕਤ ਕਰਨ ਪਿੱਛੋਂ ਦੇਸ਼-ਦੁਨੀਆ ਦੇ ਸਿੱਖਾਂ ’ਚ ਉੱਠਿਆ ਰੋਹ ਤੇ ਰੋਸ ਹੁਣ ਨਿਊਜ਼ੀਲੈਂਡ ’ਚ ਪਹੁੰਚ ਗਿਆ ਹੈ। ਦੋ ਦਰਜਨ ਤੋਂ ਵੱਧ ਗੁਰੂਘਰਾਂ ਦੀ ਸਾਂਝੀ ਸੰਸਥਾ, ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਨੇ ਸ਼੍ਰੋਮਣੀ ਕਮੇਟੀ ਵੱਲੋਂ ਤਖਤ ਜਥੇਦਾਰਾਂ ਨੂੰ ਅਪਮਾਨਜਨਕ ਢੰਗ ਨਾਲ ਸੇਵਾ ਤੋਂ ਮੁਕਤ ਕਰਨ ਦੇ ਢੰਗ ਦੀ ਸਖਤ ਆਲੋਚਨਾ ਕੀਤੀ ਹੈ।

ਐਸੋਸੀਏਸ਼ਨ ਦੇ ਸੈਕਟਰੀ ਜਨਰਲ ਕਰਮਜੀਤ ਸਿੰਘ ਦੇ ਨਾਂ ਹੇਠ ਜਾਰੀ ਹੋਏ ਪ੍ਰੈੱਸ ਬਿਆਨ ਅਨੁਸਾਰ ਨਿਊਜ਼ੀਲੈਂਡ ਦੇ ਗੁਰੁ ਘਰਾਂ ਦੀ ਸਾਂਝੀ ਸੰਸਥਾ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਵਲੋਂ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਵਲੋਂ ਇੱਕ ਮਹੀਨੇ ਵਿੱਚ ਤਿੰਨ ਤਖਤਾਂ ਦੇ ਜਥੇਦਾਰਾਂ ਨੂੰ ਜਿਸ ਤਰ੍ਹਾਂ ਨਾਲ ਤੌਹੀਨ ਕਰ ਕੇ ਲਾਂਭੇ ਕੀਤਾ ਗਿਆ ਉਸ ਲਈ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ, ਅਤੇ ਅਕਾਲੀ ਦਲ ਦੇ ਮੁੱਠੀ ਭਰ ਲੀਡਰਾਂ ਵਲੋਂ ਕੀਤੀਆਂ ਜਾ ਰਹੀਆਂ ਆਪਹੁਦਰੀਆਂ ਦੀ ਸਖਤ ਨਿੰਦਾ ਕਰਦੇ ਹੋਏ ਇਸ ਨੂੰ ਮਰਿਆਦਾ ਦੀ ਘੋਰ ਉਲੰਘਣਾ ਕਰਾਰ ਦਿੱਤਾ ਹੈ।

ਬਿਆਨ ਅਨੁਸਾਰ, ‘‘ਜਿਹੜੀਆਂ ਜਥੇਬੰਦੀਆਂ ਨੇ ਤਖਤਾਂ ਸਾਹਮਣੇ ਝੁਕਣਾ ਸੀ ਉਹੋ ਹੀ ਉਸ ਨੂੰ ਚੈਲੰਜ ਕਰ ਰਹੇ ਹਨ। ਜਥੇਦਾਰ ਸਾਹਿਬਾਨ ਨੂੰ ਥਾਪਣ ਵਾਲੇ 11 ਜਣੇ ਜਿਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ ਲਗਦਾ ਹੈ ਇਹ ਸਿੱਖੀ ਤੋਂ ਹੀ ਮੁਨਕਰ ਹਨ ਕਿਉਂਕਿ ਸ਼ਹਾਦਤਾਂ ਦੇ ਕੇ ਬਣੀਆਂ ਇਹ ਸਿੱਖ ਸੰਸਥਾਵਾਂ ਦੇ ਆਗੂ ਗਿਆਨ ਵਿਹੂਣੇ ਅਤੇ ਸੰਗਤਾਂ ਦੀ ਭਾਵਨਾਵਾਂ ਨੂੰ ਸਮਝਣ ਦੀ ਬਜਾਏ ਲਿਫਾਫੇ ਵਿੱਚ ਆਏ ਹੁਕਮ ਨੂੰ ਪੜ੍ਹ ਕੇ ਸੁਣਾ ਰਹੇ ਹਨ। ਹਾਸੋਹੀਣੇ ਇਲਜ਼ਾਮ ਲਾ ਕੇ ਜਥੇਦਾਰਾਂ ਦੀ ਤੌਹੀਨ ਕਰਨ ਨਾਲ ਨਿਊਜ਼ੀਲੈਂਡ ਦੇ ਸਿੱਖਾਂ ਦੇ ਹਿਰਦੇ ਦੁਖੀ ਹੋਏ ਹਨ, ਅਤੇ ਜਿਹੜੀ ਅੰਤਰਿਮ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਵਸਦੇ ਸਿੱਖ ਕਦਾਚਿਤ ਗੁਰੂ ਘਰਾਂ ਵਿੱਚ ਆਉਣ ’ਤੇ ਸਨਮਾਨਿਤ ਨਹੀਂ ਕਰਨਗੇ। ਅੰਤਰਿਮ ਕਮੇਟੀ ਵਲੋਂ ਸਿੱਖ ਸਿਧਾਂਤਾਂ ਦੀ ਘੋਰ ਉਲੰਘਣਾ ਕੀਤੀ ਗਈ ਹੈ। ਪੰਥਕ ਜਥੇਬੰਦੀਆਂ ਆਪਣੇ ਤੌਰ ’ਤੇ ਸਰਬੱਤ ਖਾਲਸਾ ਬੁਲਾਉਣ ਅਤੇ ਜਥੇਦਾਰ ਥਾਪਣ ਦਾ ਵਿਧੀ ਵਿਧਾਨ ਬਣਾਉਣ ਅਤੇ ਵਿਦੇਸ਼ੀ ਸਿੱਖ ਉਨ੍ਹਾਂ ਨਾਲ ਸ਼ਮੂਲੀਅਤ ਕਰਨਗੇ ਅਤੇ ਹਰ ਸਾਥ ਦੇਣਗੇ। ਜਦਕਿ ਸਿੱਖ ਕੌਮ ਦਾ ਹੁਣ ਵੱਡਾ ਹਿੱਸਾ ਵਿਦੇਸ਼ਾਂ ਵਿੱਚ ਵਸਦਾ ਹੈ ਸੋ ਉਨ੍ਹਾਂ ਦੀ ਹਰ ਮਸਲੇ ਵਿੱਚ ਸ਼ਮੂਲ਼ੀਅਤ ਵੀ ਜ਼ਰੂਰੀ ਕਰਨੀ ਚਾਹੀਦੀ ਹੈ। ਜਥੇਦਾਰ ਰਘਬੀਰ ਸਿੰਘ, ਜਥੇਦਾਰ ਹਰਪ੍ਰੀਤ ਸਿੰਘ ਅਤੇ ਜਥੇਦਾਰ ਸੁਲਤਾਨ ਸਿੰਘ ਵਲੋਂ 2 ਦਸੰਬਰ ਦੇ ਲਏ ਫੈਸਲੇ ਸਿੱਖ ਕੌਮ ਦੀ ਤਰਜ਼ਮਾਨੀ ਕਰਦੇ ਹਨ।’’