ਬਿਜਲੀ ਚੋਰੀ ਦੇ ਇਲਜ਼ਾਮ ’ਚ NT ਦੇ ਬਿਜਲੀ ਮਹਿਕਮੇ ਦਾ ਮੁਲਾਜ਼ਮ ਦੋਸ਼ੀ ਕਰਾਰ, 20 ਸਾਲਾਂ ਤਕ ਹੁੰਦੀ ਰਹੀ ਮੀਟਰ ਨਾਲ ਛੇੜਛਾੜ

ਮੈਲਬਰਨ : Northern Territory ਦੇ ਪਾਵਰ ਐਂਡ ਵਾਟਰ ਕਾਰਪੋਰੇਸ਼ਨ (PWC) ਦੇ ਇੱਕ ਮੁਲਾਜ਼ਮ ਨੂੰ ਬਿਜਲੀ ਚੋਰੀ ਕਰਨ ਦੇ ਇਲਜ਼ਾਮ ਹੇਠ ਸਜ਼ਾ ਸੁਣਾਈ ਗਈ ਹੈ। ਉਸ ’ਤੇ 20 ਸਾਲਾਂ ਤਕ ਬਿਜਲੀ ਦੇ ਬਿੱਲ ’ਚ ਕਟੌਤੀ ਕਰਨ ਲਈ ਮੀਟਰ ਨਾਲ ਛੇੜਛਾੜ ਕਰਨ ਦਾ ਦੋਸ਼ ਹੈ। PWC ਲਈ Cedric Suradi 12 ਸਾਲਾਂ ਤਕ ਲਾਈਨਮੈਨ ਵੱਜੋਂ ਕੰਮ ਕਰਦਾ ਰਿਹਾ। ਉਸ ਨੇ ਡਾਰਵਿਨ ਦੀ ਸਥਾਨਕ ਅਦਾਲਤ ’ਚ ਆਪਣੇ ਦੋਸ਼ ਕਬੂਲ ਲਏ।

ਅਦਾਲਤ ਨੇ ਪਾਇਆ ਕਿ Cedric Suradi ਆਪਣੇ ਮਕੈਨੀਕਲ ਮੀਟਰ ਨੂੰ ਚੁੰਬਕ ਦੀ ਮਦਦ ਨਾਲ ਘੁੰਮਣਾ ਰੋਕ ਲੈਂਦਾ ਸੀ, ਜਿਸ ਕਾਰਨ ਬਿਜਲੀ ਦੀ ਖਪਤ ਅਨੁਸਾਰ ਬਿੱਲ ਨਹੀਂ ਆਉਂਦਾ ਸੀ। ਇਸ ਦਾ ਪਤਾ ਜਨਵਰੀ 2023 ’ਚ ਉਦੋਂ ਹੀ ਲੱਗਾ ਜਦੋਂ Cedric Suradi ਦੇ ਘਰ ਇਲੇਕਟ੍ਰਾਨਿਕ ਮੀਟਰ ਫ਼ਿੱਟ ਕਰ ਦਿੱਤਾ ਗਿਆ। ਉਸ ਦੇ ਮੀਟਰ ਬਾਕਸ ਨੂੰ ਖੋਲ੍ਹਣ ’ਤੇ ਪਤਾ ਲੱਗਾ ਕਿ ਉਸ ਨੇ ਇਸ ’ਚ ਕਈ ਚੁੰਬਕਾਂ ਲਗਾਈਆਂ ਹੋਈਆਂ ਸਨ।

Cedric Suradi ਦੇ ਵਕੀਲ ਨੇ ਕਿਹਾ ਕਿ ਉਹ ਵਿੱਤੀ ਤੌਰ ’ਤੇ ਕਮਜ਼ੋਰੀ ਸੀ ਜਿਸ ਕਾਰਨ ਉਸ ਨੇ ਇਹ ਕਦਮ ਚੁਕਿਆ। ਪਰ ਜੱਜ ਨੇ ਕਿਹਾ ਕਿ Cedric Suradi ਨੇ ਜਾਣਬੁਝ ਕੇ ਆਪਣੀ ਪੇਸ਼ੇਵਰ ਜਾਣਕਾਰੀ ਦੀ ਗ਼ਲਤ ਵਰਤੋਂ ਕਰ ਕੇ ਮੀਟਰ ਨਾਲ ਛੇੜਛਾੜ ਕੀਤੀ। Cedric Suradi ਨੂੰ 12 ਮਹੀਨਿਆਂ ਦੇ ਚੰਗੇ ਵਤੀਰੇ ਬੌਂਡ ਅਤੇ PWCਨੂੰ 4000 ਡਾਲਰ ਜੁਰਮਾਨਾ ਦੇਣ ਲਈ ਕਿਹਾ ਗਿਆ ਹੈ।