ਜਲਵਾਯੂ ਤਬਦੀਲੀ ਦਾ ਪ੍ਰਾਪਰਟੀ ਬਾਜ਼ਾਰ ’ਤੇ ਕੀ ਹੋਵੇਗਾ ਅਸਰ? ਜਾਣੋ ਜਲਵਾਯੂ ਕੌਂਸਲ ਦੀ ਰਿਪੋਰਟ ’ਚ ਵਿਕਟੋਰੀਆ ਅਤੇ ਤਸਮਾਨੀਆ ਬਾਰੇ ਕੀ ਕੀਤੀ ਗਈ ਭਵਿੱਖਬਾਣੀ

ਮੈਲਬਰਨ : ਜਲਵਾਯੂ ਕੌਂਸਲ ਦੀ ਇਕ ਨਵੀਂ ਰਿਪੋਰਟ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ ਕੁੱਝ ਹੀ ਸਾਲਾਂ ’ਚ ਆਸਟ੍ਰੇਲੀਆ ਦੇ ਨੌਰਥ ’ਚ ਭਿਆਨਕ ਗਰਮੀ ਕਾਰਨ ਲੋਕਾਂ ਦਾ ਪ੍ਰਵਾਸ ਸਾਊਥ ਦੇ ਹਿੱਸਿਆਂ ਵਲ ਹੋਣਾ ਸ਼ੁਰੂ ਹੋ ਸਕਦਾ ਹੈ। ਇਹ ਵਰਤਾਰਾ 2028 ਦੀ ਸ਼ੁਰੂਆਤ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਰਿਪੋਰਟ ਵਿਚ ਭਵਿੱਖਬਾਣੀ ਕੀਤੀ ਗਈ ਹੈ ਕਿ ਨੌਰਥ ਆਸਟ੍ਰੇਲੀਆ ਵਿਚ 2090 ਤੱਕ ਦਰਜਨਾਂ ਗਰਮੀ ਦੇ ਦਿਨ ਆਮ ਹੋ ਜਾਣਗੇ, ਕੁਝ ਇਲਾਕਿਆਂ ਵਿਚ 35 ਡਿਗਰੀ ਸੈਲਸੀਅਸ ਤੋਂ ਵੱਧ 200 ਦਿਨਾਂ ਤੋਂ ਵੱਧ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਉਲਟ, ਤਸਮਾਨੀਆ ਅਤੇ ਵਿਕਟੋਰੀਆ ਵਰਗੇ ਸਾਊਥ ਦੇ ਇਲਾਕਿਆਂ ਵਿੱਚ ਕਾਫ਼ੀ ਘੱਟ ਗਰਮ ਦਿਨ ਹੋਣਗੇ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਨਾਲ ਆਬਾਦੀ ਵਿਚ ਤਬਦੀਲੀ ਆਵੇਗੀ ਅਤੇ ਲੋਕ ਸਾਊਥ ਵਿਚ ਵਧੇਰੇ ਆਰਾਮਦਾਇਕ ਰਹਿਣ ਦੀ ਸਥਿਤੀ ਦੀ ਭਾਲ ਕਰਨਗੇ। ਰੀਅਲ ਅਸਟੇਟ ਮਾਹਰਾਂ ਦਾ ਅਨੁਮਾਨ ਹੈ ਕਿ ਊਰਜਾ-ਕੁਸ਼ਲ (energy-efficient) ਘਰ ਤੇਜ਼ੀ ਨਾਲ ਕੀਮਤੀ ਹੋ ਜਾਣਗੇ, ਜਿਨ੍ਹਾਂ ਦੀਆਂ ਕੀਮਤਾਂ ਆਉਣ ਵਾਲੇ ਸਾਲਾਂ ਵਿੱਚ ਸੰਭਾਵਤ ਤੌਰ ’ਤੇ ਵਧਣਗੀਆਂ। ਰਿਪੋਰਟ ਵਿੱਚ ਘਰਾਂ ਵਿੱਚ ਬਿਹਤਰ ਊਰਜਾ ਕੁਸ਼ਲਤਾ ਦੀ ਜ਼ਰੂਰਤ ਨੂੰ ਵੀ ਉਜਾਗਰ ਕੀਤਾ ਗਿਆ ਹੈ, ਇਨਸੂਲੇਸ਼ਨ ਅਤੇ ਡਿਜ਼ਾਈਨ ਦੇ ਮੁੱਦਿਆਂ ਕਾਰਨ ਬਹੁਤ ਸਾਰੇ ਨਵੇਂ ਨਿਰਮਾਣ ਲੋੜੀਂਦੇ ਮਾਪਦੰਡਾਂ ਤੋਂ ਘੱਟ ਰਹਿ ਰਹੇ ਹਨ।