ਆਸਟ੍ਰੇਲੀਆ ਦੀ ਮੁੱਖ ਮਹਿੰਗਾਈ ਰੇਟ ’ਚ ਮਾਮੂਲੀ ਵਾਧਾ, ਵਿਆਜ ਰੇਟ ’ਚ ਇੱਕ ਹੋਰ ਕਮੀ ਦੀ ਸੰਭਾਵਨਾ ਮੱਠੀ ਪਈ

ਮੈਲਬਰਨ : ਆਸਟ੍ਰੇਲੀਆ ਦੇ ਮਹਿੰਗਾਈ ਰੇਟ ਨੂੰ ਦਰਸਾਉਂਦਾ ਮਹੀਨਾਵਾਰ ਖਪਤਕਾਰ ਮੁੱਲ ਸੂਚਕ ਅੰਕ (CPI) ਜਨਵਰੀ ਮਹੀਨੇ ਦੌਰਾਨ ਸਥਿਰ ਰਿਹਾ ਹੈ, ਪਰ ਮੁੱਖ ਮਹਿੰਗਾਈ (Core Inflation) ਵਿੱਚ ਥੋੜ੍ਹਾ ਜਿਹਾ ਵਾਧਾ ਦਰਜ ਕੀਤਾ ਗਿਆ ਹੈ। ਇਸ ਵਾਧੇ ਨੇ ਸਾਲ ਦੀ ਪਹਿਲੀ ਛਿਮਾਹੀ ਵਿੱਚ ਵਿਆਜ ਰੇਟ ਵਿੱਚ ਦੂਜੀ ਕਟੌਤੀ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ ਹੈ।

ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਵੱਲੋਂ ਅੱਜ ਸਵੇਰੇ ਜਾਰੀ ਤਾਜ਼ਾ ਅੰਕੜਿਆਂ ’ਚ ਜਨਵਰੀ ਤੱਕ ਦੇ 12 ਮਹੀਨਿਆਂ ਦੌਰਾਨ ਮਹਿੰਗਾਈ ਦਰ 2.5 ਫੀਸਦੀ ’ਤੇ ਰਹੀ। ਪਰ ਮੁੱਖ ਮਹਿੰਗਾਈ ’ਚ ਹੈਰਾਨੀਜਨਕ ਵਾਧਾ ਹੋਇਆ ਹੈ। ਮੁੱਖ ਮਹਿੰਗਾਈ 2.8 ਫ਼ੀਸਦੀ ਦਰਜ ਕੀਤੀ ਗਈ, ਜੋ ਭਾਵੇਂ ਅਜੇ ਵੀ RBA ਦੇ ਟੀਚੇ ਦੀ ਹੱਦ ਦੇ ਅੰਦਰ ਤਾਂ ਹੈ ਪਰ ਅਰਥਸ਼ਾਸਤਰੀਆਂ ਦੀ ਉਮੀਦ ਨਾਲੋਂ ਵੱਧ ਹੈ।

ਜਨਵਰੀ ਦੌਰਾਨ ਭੋਜਨ (3.3 ਫੀਸਦੀ), ਰਿਹਾਇਸ਼ (2.1 ਫੀਸਦੀ) ਅਤੇ ਸ਼ਰਾਬ ਤੇ ਤੰਬਾਕੂ (6.4 ਫੀਸਦੀ) ਦੀਆਂ ਕੀਮਤਾਂ ਵਿਚ ਵਾਧੇ ਕਾਰਨ ਮੁੱਖ ਮਹਿੰਗਾਈ ’ਚ ਵਾਧਾ ਵੇਖਣ ਨੂੰ ਮਿਲਿਆ। ਖਾਸ ਤੌਰ ’ਤੇ ਤਾਜ਼ੇ ਫਲ, ਜਿਨ੍ਹਾਂ ਦੀ ਕੀਮਤ ਪਿਛਲੇ ਸਾਲ ਦੇ ਇਸ ਸਮੇਂ ਦੇ ਮੁਕਾਬਲੇ 12.3 ਫੀਸਦੀ ਜ਼ਿਆਦਾ ਹੈ। ਦੂਜੇ ਪਾਸੇ, ਬਿਜਲੀ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ 11.5 ਪ੍ਰਤੀਸ਼ਤ ਘੱਟ ਗਈਆਂ ਹਨ, ਅਤੇ ਫ਼ਿਊਲ ਦੀ ਲਾਗਤ ਵਿੱਚ 1.9 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।

ABS ਦੇ ਤਿਮਾਹੀ ਅੰਕੜਿਆਂ ਨਾਲੋਂ ਘੱਟ ਮਹੱਤਵਪੂਰਨ ਮੰਨੇ ਜਾਣ ਵਾਲੇ ਮਾਸਿਕ ਅੰਕੜੇ ਰਿਜ਼ਰਵ ਬੈਂਕ ਵੱਲੋਂ ਵਿਆਜ ਰੇਟ ਵਿੱਚ ਕਟੌਤੀ ਦੇ ਇੱਕ ਹਫ਼ਤੇ ਬਾਅਦ ਜਾਰੀ ਕੀਤੇ ਗਏ ਹਨ। ਇਸ ਤੋਂ ਚੇਤਾਵਨੀ ਮਿਲਦੀ ਹੈ ਕਿ ਮਹਿੰਗਾਈ ਨੂੰ ਟਿਕਾਊ ਢੰਗ ਨਾਲ ਟੀਚੇ ’ਤੇ ਲਿਆਉਣ ਲਈ ਅਜੇ ਵੀ ਕੰਮ ਕਰਨਾ ਬਾਕੀ ਹੈ। ਜ਼ਿਕਰਯੋਗ ਹੈ ਕਿ ਜਨਵਰੀ ਦੌਰਾਨ ਬੇਰੁਜ਼ਗਾਰੀ ਰੇਟ ’ਚ ਵੀ 0.1 ਫ਼ੀਸਦੀ ਦਾ ਵਾਧਾ ਹੋਇਆ ਸੀ ਜਿਸ ਕਾਰਨ ਅਪ੍ਰੈਲ ਦੌਰਾਨ ਵਿਆਜ ਰੇਟ ’ਚ ਇਕ ਹੋਰ ਕਮੀ ਦੀ ਸੰਭਾਵਨਾ ਮੱਠੀ ਪੈ ਗਈ ਸੀ।