ਆਸਟ੍ਰੇਲੀਆ ਅਤੇ ਚੀਨ ਮੁੜ ਆਹਮੋ-ਸਾਹਮਣੇ, ਸਮੁੰਦਰ ’ਚ ਅਭਿਆਸ ਨੂੰ ਲੈ ਕੇ ਨੋਟਿਸ ਲਈ ਬਹੁਤ ਥੋੜ੍ਹਾ ਸਮਾਂ ਦੇਣ ’ਤੇ ਭੜਕੇ Richard Marles

ਮੈਲਬਰਨ : ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ Richard Marles ਨੇ ਆਸਟ੍ਰੇਲੀਆ ਦੇ ਤੱਟ ’ਤੇ ਆਪਣੇ ਜੰਗੀ ਜਹਾਜ਼ਾਂ ਦੇ ਲਾਈਵ ਫਾਇਰਿੰਗ ਅਭਿਆਸ ਨੂੰ ਲੈ ਕੇ ਚੀਨ ਦੀ ਪਾਰਦਰਸ਼ਤਾ ਦੀ ਕਮੀ ’ਤੇ ਚਿੰਤਾ ਜ਼ਾਹਰ ਕੀਤੀ ਹੈ। ਕਲ ਵਪਾਰਕ ਪਾਇਲਟਾਂ ਨੂੰ ਲਾਈਵ ਫਾਇਰਿੰਗ ਬਾਰੇ ਬਹੁਤ ਥੋੜ੍ਹੇ ਸਮੇਂ ਦੀ ਸੂਚਨਾ ਮਿਲੀ ਸੀ, ਜਿਸ ਕਾਰਨ ਜਹਾਜ਼ਾਂ ਨੂੰ ਇਕਦਮ ਆਪਣਾ ਰਸਤਾ ਮੋੜਨਾ ਪਿਆ। Marles ਨੇ ਜ਼ੋਰ ਦੇ ਕੇ ਕਿਹਾ ਕਿ ਹਾਲਾਂਕਿ ਚੀਨ ਨੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ, ਪਰ ਨੋਟਿਸ ਮਗਰੋਂ ਬਹੁਤ ਘੱਟ ਸਮਾਂ ਦਿੱਤਾ ਜਾਣਾ ‘ਚਿੰਤਾਜਨਕ’ ਸੀ ਅਤੇ ਆਸਟ੍ਰੇਲੀਆ ਨੋਟਿਸ ਮਗਰੋਂ ਜ਼ਿਆਦਾ ਸਮਾਂ ਦੇਣ ਨੂੰ ਤਰਜੀਹ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਚੀਨ ਨੂੰ ਸਵਾਲ ਕੀਤਾ ਗਿਆ ਸੀ ਜਿਸ ਬਦਲੇ ਚੀਨ ਨੇ ਸੰਤੁਸ਼ਟੀਜਨਕ ਜਵਾਬ ਨਹੀਂ ਦਿੱਤਾ। ਹਾਲਾਂਕਿ ਅਜੇ ਤਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕੋਈ ਫ਼ਾਈਰਿੰਗ ਹੋਈ ਜਾਂ ਨਹੀਂ।

Marles ਨੇ ਇਹ ਵੀ ਦੱਸਿਆ ਕਿ ਰਾਇਲ ਆਸਟ੍ਰੇਲੀਆਈ ਨੇਵੀ ਆਮ ਤੌਰ ’ਤੇ ਅੰਤਰਰਾਸ਼ਟਰੀ ਜਲ ਖੇਤਰ ਵਿੱਚ ਲਾਈਵ ਫਾਇਰਿੰਗ ਅਭਿਆਸ ਲਈ 12 ਤੋਂ 24 ਘੰਟਿਆਂ ਦਾ ਨੋਟਿਸ ਪ੍ਰਦਾਨ ਕਰਦੀ ਹੈ। ਆਸਟ੍ਰੇਲੀਆ ਨੇ ਚੀਨੀ ਟਾਸਕ ਗਰੁੱਪ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਨਿਗਰਾਨੀ ਦੇ ‘ਬੇਮਿਸਾਲ ਪੱਧਰ’ ਨੂੰ ਯਕੀਨੀ ਬਣਾਇਆ ਹੈ। ਇਸ ਘਟਨਾ ਨੇ ਖੇਤਰ ਵਿੱਚ ਚੀਨ ਦੀ ਵਧਦੀ ਜਲ ਸੈਨਾ ਦੀ ਮੌਜੂਦਗੀ ਬਾਰੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ, ਮਾਹਰਾਂ ਨੇ ਨੋਟ ਕੀਤਾ ਹੈ ਕਿ ਇਹ ਚੀਨ ਦੇ ਵਿਆਪਕ ਸ਼ਕਤੀ ਪ੍ਰੋਜੈਕਸ਼ਨ ਯਤਨਾਂ ਦਾ ਹਿੱਸਾ ਹੈ।