ਮੈਲਬਰਨ : ਆਸਟ੍ਰੇਲੀਆ ’ਚ ਇੱਕ ਪੰਜਾਬੀ ਗੱਭਰੂ ਵਿਕਰਮਜੀਤ ਸਿੰਘ ਨੂੰ ਲਗਜ਼ਰੀ ਕਾਰ ਦੇ ਝੂਟੇ ਕਾਫੀ ਮਹਿੰਗੇ ਪਏ। ਉਸ ਨੂੰ ਤਿੰਨ ਦਿਨ ਪੁਲੀਸ ਕਸਟਡੀ ’ਚ ਰਹਿਣਾ ਪਿਆ। ਉਸ ਕੋਲੋਂ ਬੈਨ ਕੀਤੀ ਦਵਾਈ ਭਾਵ ‘ਕਾਮਨੀ’ ਵੀ ਮਿਲੀ ਹੈ।
ਇਹ ਮਾਮਲਾ ਐਡੀਲੇਡ ਦੇ ਸੀਟਨ ਨਾਲ ਸਬੰਧਤ ਵਿਕਰਮਜੀਤ ਨਾਲ ਸਬੰਧਤ ਹੈ, ਜਿਸ ਨੇ ਪਲੈਮਟਨ ਤੋਂ ਸਵੇਰੇ 9 ਵਜੇ ਇੱਕ ਲੱਖ ਡਾਲਰ ਦੀ ਲਗਜ਼ਰੀ ਕਾਰ Audi RS4 ਟੈਸਟ ਡਰਾਈਵ ਵਾਸਤੇ ਲੈ ਲਈ ਕਿ ਉਹ ਮਕੈਨਿਕ ਤੋਂ ਗੱਡੀ ਟੈਸਟ ਕਰਵਾ ਵਾਪਸ ਆ ਜਾਵੇਗਾ। ਪਰ ਜਦੋਂ ਉਹ ਕਾਫੀ ਸਮੇਂ ਬਾਅਦ ਵਾਪਸ ਨਾ ਆਇਆ ਤਾਂ ਡੀਲਰ ਨੇ ਏਅਰਟੈਗ ਨਾਲ ਲੋਕੇਸ਼ਨ ਚੈੱਕ ਕੀਤੀ ਤਾਂ ਉਹ ਡੇਢ ਵਜੇ ਬਲੈਂਚਟਾਊਨ ਕੋਲ ਸੀ। ਜਦੋਂ ਡੀਲਰ ਦਾ ਵਿਕਰਮਜੀਤ ਨਾਲ ਫੋਨ ’ਤੇ ਸੰਪਰਕ ਨਾ ਹੋ ਸਕਿਆ ਤਾਂ ਡੀਲਰ ਨੇ ਕਾਰ ਚੋਰੀ ਹੋਣ ਬਾਰੇ ਸਾਊਥ ਆਸਟ੍ਰੇਲੀਆ ਦੀ ਪੁਲੀਸ ਕੋਲ ਰਿਪੋਰਟ ਕਰ ਦਿੱਤੀ।
ਇਸ ਦੌਰਾਨ ਵਿਕਰਮਜੀਤ ਬਾਰਡਰ ਪਾਰ ਕਰ ਕੇ ਵਿਕਟੋਰੀਆ ’ਚ ਦਾਖਲ ਹੋ ਗਿਆ ਸੀ। ਜਿਸ ਪਿੱਛੋਂ ਵਿਕਟੋਰੀਆ ਪੁਲੀਸ ਨੇ ਜਦੋਂ ਵਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤਾਂ ਉਹ ਡੀਲਰਸ਼ਿਪ ਤੋਂ 322 ਕਿਲੋਮੀਟਰ ਅਤੇ ਸਾਊਥ ਆਸਟ੍ਰੇਲੀਆ ਦੇ ਬਾਰਡਰ ਤੋਂ 35 ਕਿਲੋਮੀਟਰ ਦੂਰ ਸੀ। ਉਸ ਨੂੰ ਮਿਲਡੂਰਾ ਮਜਿਸਟ੍ਰੇਟ ਕੋਰਟ ’ਚ ਪੇਸ਼ ਕੀਤਾ ਗਿਆ ਸੀ, ਜਿੱਥੇ ਜੱਜ ਨੇ ਤਿੰਨ ਦਿਨ ਕਸਟਡੀ ’ਚ ਰੱਖਣ ਦਾ ਹੁਕਮ ਸੁਣਾਇਆ ਸੀ। ਵਿਕਰਮਜੀਤ ਸਿੰਘ ਸਾਊਥ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ ’ਚ ‘ਖਾਣ ਵਾਲਾ ਤੇਲ’ ਕੁਰੀਅਰ ਕਰਨ ਵਾਲੀ ਕੰਪਨੀ ’ਚ ਮੈਨੇਜਰ ਹੈ।