ਬ੍ਰਿਸਬੇਨ ਦੇ ਬੀਚ ’ਤੇ ਸ਼ਾਰਕ ਦੇ ਹਮਲੇ ’ਚ ਮੁਟਿਆਰ ਦੀ ਮੌਤ, ਕੁਈਨਜ਼ਲੈਂਡ ’ਚ ਤਿੰਨ ਮਹੀਨਿਆਂ ਅੰਦਰ ਤੀਜਾ ਘਾਤਕ ਹਮਲਾ

ਮੈਲਬਰਨ : ਬ੍ਰਿਸਬੇਨ ਦੇ ਨੌਰਥ ਵਿਚ ਸਥਿਤ Bribie ਟਾਪੂ ਦੇ ਵੂਰਿਮ ਬੀਚ ’ਤੇ ਸੋਮਵਾਰ ਸ਼ਾਮ ਸ਼ਾਰਕ ਦੇ ਹਮਲੇ ਵਿਚ ਇੱਕ 17 ਸਾਲ ਦੀ ਮੁਟਿਆਰ Charlize Zmuda ਦੀ ਮੌਤ ਹੋ ਗਈ। Charlize ਇੱਕ ਹੁਨਰਮੰਦ ਸਰਫ ਲਾਈਫਸੇਵਰ ਦੇ ਨਾਲ ਇੱਕ ਹੁਨਰਮੰਦ ਸੰਗੀਤਕਾਰ ਵੀ ਸੀ। ਉਸ ਦੇ ਪਿਤਾ ਨੇ ਕਿਹਾ, ‘‘ਏਨੀ ਹੁਨਰਮੰਦ ਬੇਟੀ ਨੂੰ ਗੁਆ ਕੇ ਪਰਿਵਾਰ ਦੁਖੀ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕ ਉਸ ਨੂੰ ਉਸੇ ਸੁੰਦਰ ਨਜ਼ਰੀਏ ਨਾਲ ਵੇਖੇ ਜਿਸ ਨਾਲ ਉਸ ਨੇ ਜ਼ਿੰਦਗੀ ਜੀਵੀ, ਨਾ ਕਿ ਉਸ ਦਰਦਨਾਕ ਨਜ਼ਰੀਏ ਨਾਲ ਜਿਸ ਤਰ੍ਹਾਂ ਉਸ ਦੀ ਮੌਤ ਹੋਈ। ਅਸੀਂ ਨਹੀਂ ਚਾਹੁੰਦੇ ਕਿ ਲੋਕ ਇਸ ਸਮੁੰਦਰੀ ਕੰਢੇ ’ਤੇ ਜਾਣਾ ਬੰਦ ਕਰ ਦੇਣ।’’ ਇਸ ਘਟਨਾ ਨੇ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਹੈ, ਅਤੇ ਸਮੁੰਦਰੀ ਕੰਢੇ ’ਤੇ ਉਸ ਨੂੰ ਸ਼ਰਧਾਂਜਲੀਆਂ ਵੀ ਦਿਤੀਆਂ ਗਈਆਂ। ਕੁਈਨਜ਼ਲੈਂਡ ਵਿਚ ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ ਵਿਚ ਸ਼ਾਰਕ ਦਾ ਇਹ ਤੀਜਾ ਹਮਲਾ ਹੈ ਅਤੇ ਸਿਰਫ ਇਕ ਮਹੀਨੇ ਵਿਚ ਦੂਜਾ ਘਾਤਕ ਹਮਲਾ ਹੈ।