ਸਿਡਨੀ ਦੇ ਜੋੜੇ ਦੀਆਂ ਥਾਈਲੈਂਡ ’ਚ ਛੁੱਟੀਆਂ ਬਣੀਆਂ ਬੁਰਾ ਸੁਪਨਾ, ਦੁਕਾਨਦਾਰ ਦੇ ਕਥਿਤ ਹਮਲੇ ’ਚ ਪਤੀ ਬੁਰੀ ਤਰ੍ਹਾਂ ਜ਼ਖ਼ਮੀ

ਮੈਲਬਰਨ : ਥਾਈਲੈਂਡ ਵਿਚ ਛੁੱਟੀਆਂ ਮਨਾਉਣ ਦਾ ਸੁਪਨਾ ਇਕ ਆਸਟ੍ਰੇਲੀਆਈ ਜੋੜੀ ਲਈ ਉਸ ਸਮੇਂ ਕੌੜੀ ਯਾਦ ’ਚ ਬਦਲ ਗਿਆ ਜਦੋਂ ਬੈਂਕਾਕ ਦੀ ਇਕ ਨਾਈਟ ਮਾਰਕੀਟ ਵਿਚ ਇਕ ਨੇ ਦੁਕਾਨਦਾਰ ਨਾਲ ਉਨ੍ਹਾਂ ਦਾ ਝਗੜਾ ਹੋ ਗਿਆ। ਇਹ ਵਿਅਕਤੀ ਜੋੜੇ ਵੱਲੋਂ ਉਸ ਦੀਆਂ ਵਸਤਾਂ ਵੇਖਣ ਪਰ ਕੁਝ ਨਾ ਖਰੀਦਣ ’ਤੇ ਗੁੱਸੇ ’ਚ ਆ ਗਿਆ ਅਤੇ ਉਸ ਨੇ ਕਥਿਤ ਤੌਰ ’ਤੇ ਸਿਡਨੀ ਵਾਸੀ ਸੁਨੈਨਾ ਮੰਦੀਪਾ ਨੂੰ ਇਹ ਕਹਿ ਕੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਕਿ ‘ਥਾਈਲੈਂਡ ’ਚ ਇੰਡੀਅਨ ਲੋਕਾਂ ਦਾ ਆਉਣਾ ਮਨ੍ਹਾਂ ਹੈ।’ ਜਦੋਂ ਸੁਨੈਨਾ ਨੇ ਦੱਸਿਆ ਕਿ ਉਹ ਭਾਰਤੀ ਨਹੀਂ ਬਲਕਿ ਆਸਟ੍ਰੇਲੀਆ ਵਾਸੀ ਹਨ ਤਾਂ ਉਸ ਨੂੰ ਹੋਰ ਗੁੱਸਾ ਚੜ੍ਹ ਗਿਆ ਅਤੇ ਉਸ ਨੇ ਸੁਨੈਨਾ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ’ਤੇ ਉਸ ਦੇ ਪਤੀ ਨਈਮ ਹਸਨ ਨੂੰ ਦਖ਼ਲ ਦੇਣਾ ਪਿਆ। ਪਰ ਦੁਕਾਨ ਵਾਲਾ ਕਿਤੋਂ ਲੋਹੇ ਦੀ ਰਾਤ ਲੈ ਆਇਆ ਅਤੇ ਨਈਮ ’ਤੇ ਹਮਲਾ ਕਰ ਕੇ ਭੱਜ ਗਿਆ, ਜਿਸ ਨਾਲ ਨਈਮ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਇਹ ਘਟਨਾ 26 ਦਸੰਬਰ ਨੂੰ ਵਾਪਰੀ ਸੀ। ਜੋੜੇ ਨੂੰ ਥਾਈਲੈਂਡ ’ਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਭਾਸ਼ਾ ਦੀਆਂ ਰੁਕਾਵਟਾਂ, ਗੈਰ-ਸਹਿਯੋਗੀ ਪੁਲਿਸ ਅਤੇ ਸਥਾਨਕ ਅਧਿਕਾਰੀਆਂ ਤੋਂ ਸਹਾਇਤਾ ਦੀ ਘਾਟ ਸ਼ਾਮਲ ਹੈ। ਸੁਨੈਨਾ ਨੇ ਆਸਟ੍ਰੇਲੀਆ ’ਚ ਵਿਦੇਸ਼ ਮਾਮਲਿਆਂ ਦੇ ਵਿਭਾਗ DFAT ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਬਹੁਤੀ ਮਦਦ ਨਹੀਂ ਕਰ ਸਕੇ। ਆਖਰਕਾਰ 1 ਜਨਵਰੀ ਨੂੰ ਉਹ ਆਸਟ੍ਰੇਲੀਆ ਵਾਪਸ ਆ ਗਏ, ਜਿੱਥੇ ਨਈਮ ਨੂੰ ਆਪਣੀਆਂ ਸੱਟਾਂ ਲਈ ਪੂਰਾ ਇਲਾਜ ਮਿਲਿਆ। ਪਰ ਅਜੇ ਵੀ ਉਸ ਦੇ ਸਿਰ ’ਚ ਦਰਦ ਰਹਿੰਦਾ ਹੈ। ਉਸ ਦੇ ਦਿਮਾਗ ਵਿੱਚ ਖੂਨ ਦੇ ਕਈ ਥੱਕੇ ਜੰਮ ਗਏ ਅਤੇ ਖੋਪੜੀ ਵਿੱਚ ਇੱਕ ਛੋਟਾ ਜਿਹਾ ਫਰੈਕਚਰ ਵੀ ਹੋ ਗਿਆ ਸੀ। ਕਿਉਂਕਿ ਉਨ੍ਹਾਂ ਨੇ ਟਰੈਵਲ ਇੰਸ਼ੋਰੈਂਸ ਨਹੀਂ ਲਿਆ ਸੀ, ਇਸ ਕਾਰਨ ਉਨ੍ਹਾਂ ਨੂੰ ਆਪਣੇ ਇਲਾਜ ਦਾ ਸਾਰਾ ਖ਼ਰਚ ਵੀ ਖ਼ੁਦ ਕਰਨਾ ਪਿਆ।