ਮੈਲਬਰਨ : Oxfam ਦੀ ਇਕ ਨਵੀਂ ਰਿਪੋਰਟ ‘ਟੇਕਰਜ਼ ਨਾਟ ਮੇਕਰਜ਼’ ਵਿਚ ਆਸਟ੍ਰੇਲੀਆ ਅਤੇ ਵਿਸ਼ਵ ਪੱਧਰ ’ਤੇ ਦੌਲਤ ਦੀ ਨਾਬਰਾਬਰ ਵੰਡ ਦਾ ਖੁਲਾਸਾ ਕੀਤਾ ਗਿਆ ਹੈ। ਆਸਟ੍ਰੇਲੀਆ ਦੇ ਅਰਬਪਤੀਆਂ ਨੇ 2024 ’ਚ ਹਰ ਘੰਟੇ 67,000 ਡਾਲਰ ਦੀ ਕਮਾਈ ਕੀਤੀ, ਜੋ ਕਿ ਔਸਤ ਵਿਅਕਤੀ ਦੀ ਕਮਾਈ ਨਾਲੋਂ 1300 ਗੁਣਾ ਜ਼ਿਆਦਾ ਹੈ। ਦੇਸ਼ ਦੇ 47 ਅਰਬਪਤੀਆਂ ਨੇ ਮਿਲ ਕੇ ਆਪਣੀ ਜਾਇਦਾਦ ’ਚ 28 ਅਰਬ ਡਾਲਰ ਦਾ ਵਾਧਾ ਕੀਤਾ ਹੈ।
ਵਿਸ਼ਵ ਪੱਧਰ ’ਤੇ ਗੱਲ ਕਰੀਏ ਤਾਂ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਨੇ 2024 ਵਿੱਚ ਆਪਣੀ ਜਾਇਦਾਦ ਵਿੱਚ ਰੋਜ਼ਾਨਾ 150 ਮਿਲੀਅਨ ਡਾਲਰ ਦਾ ਵਾਧਾ ਕੀਤਾ। ਅਰਬਪਤੀਆਂ ਦੀ ਕੁੱਲ ਜਾਇਦਾਦ ’ਚ 3 ਟ੍ਰਿਲੀਅਨ ਡਾਲਰ ਦਾ ਵਾਧਾ ਹੋਇਆ ਹੈ ਅਤੇ ਹਰ ਹਫਤੇ ਚਾਰ ਨਵੇਂ ਅਰਬਪਤੀ ਸਾਹਮਣੇ ਆ ਰਹੇ ਹਨ। ਹਰ ਅਰਬਪਤੀ ਨੇ ਆਪਣੀ ਜਾਇਦਾਦ ਵਿੱਚ ਰੋਜ਼ਾਨਾ ਔਸਤਨ 3 ਮਿਲੀਅਨ ਡਾਲਰ ਦਾ ਵਾਧਾ ਕੀਤਾ।
ਇਸ ਦੌਰਾਨ, ਮੂਲਵਾਸੀ ਆਸਟ੍ਰੇਲੀਆਈ ਲੋਕਾਂ ਨੂੰ ਮਹੱਤਵਪੂਰਣ ਆਰਥਿਕ ਨਾਬਰਾਬਰੀਆਂ ਦਾ ਸਾਹਮਣਾ ਵੀ ਕਰਨਾ ਪਿਆ, ਜੋ ਆਪਣੇ ਗੈਰ-ਮੂਲਨਿਵਾਸੀ ਹਮਰੁਤਬਾ ਦੀ ਕਮਾਈ ਦਾ ਸਿਰਫ 72٪ ਕਮਾਉਂਦੇ ਹਨ। Oxfam ਆਸਟ੍ਰੇਲੀਆ ਦੇ CEO ਲਿਨ ਮੋਰਗੇਨ ਨੇ ਰਿਹਾਇਸ਼ ਅਤੇ ਮਨੁੱਖਤਾਵਾਦੀ ਐਮਰਜੈਂਸੀ ਵਰਗੇ ਸਮਾਜਿਕ ਮੁੱਦਿਆਂ ਨੂੰ ਹੱਲ ਕਰਨ ਲਈ ਅਮੀਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਨਵੀਆਂ ਟੈਕਸ ਨੀਤੀਆਂ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।