ਖ਼ਤਰਨਾਕ ਝਰਨੇ ’ਚ ਡੁੱਬਣ ਕਾਰਨ ਕੁੜੀ ਅਤੇ ਮੁੰਡੇ ਦੀ ਮੌਤ, ਪਿਤਾ ਨੇ ਝਰਨੇ ਨੂੰ ਲੋਕਾਂ ਲਈ ਬੰਦ ਕਰਨ ਦੀ ਅਪੀਲ ਕੀਤੀ

ਮੈਲਬਰਨ : ਸਾਊਥ-ਈਸਟ ਕੁਈਨਜ਼ਲੈਂਡ ਵਿਚ ਸਥਿਤ Wappa Falls ’ਚ 17 ਸਾਲਾਂ ਦੀ ਇੱਕ ਕੁੜੀ ਅਤੇ ਮੁੰਡੇ ਦੀ ਡੁੱਬਣ ਕਾਰਨ ਮੌਤ ਹੋ ਗਈ। ਕੁੜੀ ਫਿਸਲਣ ਕਾਰਨ ਪਾਣੀ ’ਚ ਡਿੱਗ ਗਈ ਸੀ, ਜਿਸ ਨੂੰ ਬਚਾਉਣ ਲਈ Beau Liddell ਨੇ ਵੀ ਪਾਣੀ ’ਚ ਛਾਲ ਮਾਰ ਦਿੱਤੀ। ਪਰ ਦੋਵੇਂ ਬਾਹਰ ਨਹੀਂ ਨਿਕਲੇ। ਪੁਲਿਸ ਨੇ 3 ਘੰਟਿਆਂ ਤਕ ਭਾਲ ਤੋਂ ਬਾਅਦ ਕੁੜੀ ਅਤੇ ਮੁੰਡੇ ਦੀ ਲਾਸ਼ ਵੱਖੋ-ਵੱਖ ਥਾਵਾਂ ਤੋਂ ਬਰਾਮਦ ਕੀਤੀ।

Beau Liddell ਦੇ ਪਿਤਾ ਨੇ ਆਪਣੇ ਬੇਟੇ ਦੀ ਮੌਤ ਤੋਂ ਬਾਅਦ ਇਸ ਮਸ਼ਹੂਰ ਪਰ ਹਾਦਸਿਆਂ ਲਈ ਬਦਨਾਮ ਤੈਰਾਕੀ ਸਥਾਨ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਇਸ ਘਟਨਾ ਨਾਲ 2007 ਤੋਂ ਲੈ ਕੇ ਹੁਣ ਤੱਕ Wappa Falls ’ਤੇ ਮੌਤਾਂ ਦੀ ਗਿਣਤੀ ਘੱਟੋ-ਘੱਟ ਪੰਜ ਹੋ ਗਈ ਹੈ। Beau ਦੇ ਪਿਤਾ, ਐਡਮ ਲਿਡੇਲ ਨੇ ਆਪਣੇ ਬੇਟੇ ਨੂੰ ਇੱਕ ਸਿਰਜਣਾਤਮਕ ਅਤੇ ਪ੍ਰਸਿੱਧ ਨੌਜਵਾਨ ਦੱਸਿਆ ਜੋ ਦੂਜਿਆਂ ਨੂੰ ਆਪਣੇ ਤੋਂ ਪਹਿਲਾਂ ਰੱਖਦਾ ਸੀ।