NSW ’ਚ ਤੂਫ਼ਾਨ ਕਾਰਨ ਵੱਡੇ ਪੱਧਰ ’ਤੇ ਨੁਕਸਾਨ, ਇਕ ਵਿਅਕਤੀ ਦੀ ਮੌਤ, ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ

ਮੈਲਬਰਨ : ਨਿਊ ਸਾਊਥ ਵੇਲਜ਼ (NSW) ’ਚ ਤੇਜ਼ ਤੂਫਾਨ ਕਾਰਨ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ ਅਤੇ ਕਈ ਥਾਵਾਂ ’ਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ। Cowra ਦੀ Lachlan Valley Way ’ਚ ਇਕ 80 ਸਾਲ ਦੇ ਵਿਅਕਤੀ ਦੀ ਕਾਰ ’ਤੇ ਦਰੱਖਤ ਡਿੱਗਣ ਨਾਲ ਮੌਤ ਹੋ ਗਈ। Wagga Wagga ਵਿੱਚ ਚਾਰ ਕੈਂਪਰ ਜ਼ਖਮੀ ਹੋ ਗਏ ਜਦੋਂ ਤੇਜ਼ ਹਵਾਵਾਂ ਵਿੱਚ ਉਨ੍ਹਾਂ ਦੀਆਂ ਪਨਾਹਗਾਹਾਂ ਤਬਾਹ ਹੋ ਗਈਆਂ। ਤੂਫਾਨ ਨੇ ਤੇਜ਼ ਹਵਾਵਾਂ ਲਿਆਂਦੀਆਂ, ਜਿਸ ਨਾਲ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ, ਅਤੇ ਵੱਡੀ ਪੱਧਰ ’ਤੇ ਨੁਕਸਾਨ ਹੋਇਆ।

ਤੂਫ਼ਾਨ ਕਾਰਨ 1,00,000 ਤੋਂ ਵੱਧ ਘਰਾਂ ‘ਚ ਬਿਜਲੀ ਬੰਦ ਹੋ ਗਈ। Culcairn ’ਚ ਇਕ ਇਮਾਰਤ ਦੀ ਛੱਤ ਡਿੱਗ ਗਈ। Tarcutta ’ਚ ਕਈ ਗੱਡੀਆਂ ਦਰੱਖਤ ਡਿੱਗਣ ਕਾਰਨ ਨੁਕਸਾਨੀਆਂ ਗਈਆਂ। ਇਥੋਂ ਤਕ ਕਿ ਸ਼ਿਪਿੰਗ ਕੰਟੇਨਰ ਵੀ ਰੇਲ ਗੱਡੀਆਂ ਤੋਂ ਉੱਡ ਗਏ। ਸਿਡਨੀ ਹਵਾਈ ਅੱਡੇ ’ਤੇ ਉਡਾਣਾਂ ਵੀ ਅਸਥਾਈ ਤੌਰ ’ਤੇ ਪ੍ਰਭਾਵਿਤ ਰਹੀਆਂ। ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ Wagga Wagga ਵਿੱਚ ਸਹਾਇਤਾ ਲਈ 175 ਤੋਂ ਵੱਧ ਕਾਲਾਂ ਦਾ ਜਵਾਬ ਦਿੱਤਾ। ਮੌਸਮ ਵਿਗਿਆਨ ਬਿਊਰੋ ਨੇ ਅੱਜ Wollongong, Nowra, Batemans Bay, Orange, Canberra ਅਤੇ Goulburn ’ਚ ਹੋਰ ਤੂਫਾਨ, ਗੜ੍ਹੇਮਾਰੀ ਅਤੇ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਹੈ।