ਬ੍ਰਿਸਬੇਨ ਬਣਿਆ ਆਸਟ੍ਰੇਲੀਆ ਦਾ ਸਭ ਤੋਂ ਮਹਿੰਗੇ ਪੈਟਰੋਲ ਵਾਲਾ ਸ਼ਹਿਰ, ਜਾਣੋ ਕਿਹੜੇ ਨੇ ਸਭ ਤੋਂ ਸਸਤੇ ਸਬਅਰਬ

ਮੈਲਬਰਨ : ਕੁਈਨਜ਼ਲੈਂਡ ਦੇ Royal Automobile Club ਦੀ ਇਕ ਰਿਪੋਰਟ ਮੁਤਾਬਕ ਬ੍ਰਿਸਬੇਨ ਦੇ ਕੁਝ ਇਲਾਕਿਆਂ ’ਚ ਪੈਟਰੋਲ ਦੀਆਂ ਕੀਮਤਾਂ ਰਿਕਾਰਡ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ, ਜਿਸ ਨਾਲ ਇਹ ਦੇਸ਼ ਦਾ ਸਭ ਤੋਂ ਮਹਿੰਗੇ ਪੈਟਰੋਲ ਵਾਲਾ ਸ਼ਹਿਰ ਬਣ ਗਿਆ ਹੈ। ਡਰਾਈਵਰ ਔਸਤਨ 1.90 ਡਾਲਰ ਪ੍ਰਤੀ ਲੀਟਰ ਦਾ ਭੁਗਤਾਨ ਕਰ ਰਹੇ ਹਨ, ਪਰਥ ਵਿੱਚ ਕੀਮਤਾਂ 13 ਸੈਂਟ ਪ੍ਰਤੀ ਲੀਟਰ ਸਸਤੀ ਹਨ।

ਕੀਮਤਾਂ ਵਿੱਚ ਵੱਡੇ ਫ਼ਰਕ ਨਾਲ ਹੀ ਕੀਮਤਾਂ ਵਿੱਚ ਵਾਧੇ ’ਤੇ ਰੋਜ਼ਾਨਾ 5 ਸੈਂਟ ਦੀ ਹੱਦ ਲਾਗੂ ਕਰਨ ਦੀ ਮੰਗ ਉੱਠਣ ਲੱਗੀ ਹੈ। ਅੰਕੜਿਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਬ੍ਰਿਸਬੇਨ ਸਬਅਰਬਾਂ ਵਿੱਚ ਔਸਤ ਕੀਮਤਾਂ ਵਿੱਚ 30 ਸੈਂਟ ਪ੍ਰਤੀ ਲੀਟਰ ਤੱਕ ਦਾ ਉਤਰਾਅ-ਚੜ੍ਹਾਅ ਹੁੰਦਾ ਹੈ। ਪ੍ਰੀਮੀਅਰ David Crisafulli ਨੇ ਬਾਜ਼ਾਰ ਵਿਚ ਵਧੇਰੇ ਮੁਕਾਬਲੇ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਇਸ ਉਪਾਅ ’ਤੇ ਵਿਚਾਰ ਕਰਨ ਲਈ ਸਹਿਮਤੀ ਦਿੱਤੀ ਹੈ।

ਬ੍ਰਿਸਬੇਨ ਦੇ ਪੈਟਰੋਲ ਲਈ ਸਭ ਤੋਂ ਸਸਤੇ ਸਬਅਰਬਾਂ ’ਚ Kuraby, Deagon, Zillmere, Bracken Ridge ਅਤੇ Moorooka ਸ਼ਾਮਲ ਹਨ। ਜਦਕਿ ਸਭ ਤੋਂ ਮਹਿੰਗੇ ਸਬਅਰਬਾਂ ’ਚ Milton, Mount Ommaney, Jindalee, Salisbury ਅਤੇ Toowong ਸ਼ਾਮਲ ਹਨ।