ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਚੋਰ ਦੇ ਹਮਲੇ ’ਚ ਬੁਰੀ ਤਰ੍ਹਾਂ ਜ਼ਖ਼ਮੀ

ਮੈਲਬਰਨ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੈਫ ਅਲੀ ਖਾਨ ’ਤੇ ਉਨ੍ਹਾਂ ਦੇ ਮੁੰਬਈ ਸਥਿਤ ਘਰ ’ਚ ਇਕ ਚੋਰ ਨੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਹ ਹਮਲਾ ਵੀਰਵਾਰ ਤੜਕੇ 4 ਵਜੇ ਹੋਇਆ ਜਿੱਥੇ ਖਾਨ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਸ਼ਹਿਰ ਦੀ ਪੁਲਿਸ ਨੇ ਦੱਸਿਆ ਕਿ ਅਦਾਕਾਰ ਆਪਣੇ ਘਰ ’ਚ ਪਤਨੀ ਅਤੇ ਬੱਚਿਆਂ ਨਾਲ ਸੌਂ ਰਿਹਾ ਸੀ ਜਦੋਂ ਘੁਸਪੈਠੀਆ ਉਨ੍ਹਾਂ ਦੇ ਘਰ ’ਚ ਲੁੱਟ ਦੇ ਇਰਾਦੇ ਨਾਲ ਦਾਖ਼ਲ ਹੋ ਗਿਆ। ਘੁਸਪੈਠੀਏ ਅਤੇ 54 ਸਾਲ ਦੇ ਅਦਾਕਾਰ ਵਿਚਕਾਰ ਝਗੜਾ ਹੋਣ ਤੋਂ ਬਾਅਦ ਦੋਹਾਂ ’ਚ ਹੱਥੋਪਾਈ ਹੋ ਗਈ ਜਿਸ ਦੌਰਾਨ ਘੁਸਪੈਠੀਏ ਨੇ ਨਹਿੱਥੇ ਸੈਫ਼ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਖਾਨ ਦੇ ਪਰਿਵਾਰ ਨੇ ਕੋਈ ਜਨਤਕ ਬਿਆਨ ਨਹੀਂ ਦਿੱਤਾ ਹੈ ਪਰ ਉਨ੍ਹਾਂ ਦੀ ਪ੍ਰਚਾਰ ਟੀਮ ਨੇ ਕਿਹਾ ਕਿ ਇਹ ਚੋਰੀ ਦੀ ਕੋਸ਼ਿਸ਼ ਦਾ ਮਾਮਲਾ ਹੈ। ਖਾਨ ਨੂੰ ਸ਼ਹਿਰ ਦੇ ਲੀਲਾਵਤੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਮੁੱਖ ਸੰਚਾਲਨ ਅਧਿਕਾਰੀ ਨੀਰਜ ਉਤਾਮਨੀ ਨੇ ਮੀਡੀਆ ਨੂੰ ਦੱਸਿਆ ਕਿ ਖਾਨ ਨੂੰ ਚਾਕੂ ਨਾਲ ਛੇ ਸੱਟਾਂ ਲੱਗੀਆਂ ਸਨ, ਜਿਨ੍ਹਾਂ ਵਿੱਚੋਂ ਦੋ ਡੂੰਘੇ ਸਨ। ਇੱਕ ਰੀੜ੍ਹ ਦੀ ਹੱਡੀ ਦੇ ਨੇੜੇ ਹੈ। ਮਾਹਿਰ ਡਾਕਟਰਾਂ ਦੀ ਟੀਮ ਨੇ ਕਈ ਘੰਟੇ ਤਕ ਉਨ੍ਹਾਂ ਦਾ ਆਪ੍ਰੇਸ਼ਨ ਕੀਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੈਫ਼ ਦੀ ਪਤਨੀ ਅਤੇ ਦੋਵੇਂ ਬੇਟੇ ਸੁਰੱਖਿਅਤ ਹਨ।