Los Angeles ’ਚ ਲੱਗੀ ਅੱਗ ਕਾਰਨ ਨੁਕਸਾਨ 135 ਬਿਲੀਅਨ ਅਮਰੀਕਾ ਡਾਲਰ ਤਕ ਪੁੱਜਾ, ਮੌਤਾਂ ਦੀ ਗਿਣਤੀ ਵਧ ਕੇ 7 ਹੋਈ

ਮੈਲਬਰਨ : ਅਮਰੀਕੀ ਸਟੇਟ ਕੈਲੇਫ਼ੋਰਨੀਆ ਦੇ ਸ਼ਹਿਰ Los Angeles ’ਚ ਲੱਗੀ ਭਿਆਨਕ ਅੱਗ ਕਾਰਨ ਹੁਣ ਤਕ 7 ਲੋਕਾਂ ਦੀ ਮੌਤ ਹੋ ਗਈ ਹੈ, ਹਜ਼ਾਰਾਂ ਘਰ ਤਬਾਹ ਹੋ ਗਏ ਹਨ ਅਤੇ 1,80,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ। AccuWeather ਮੁਤਾਬਕ ਆਰਥਿਕ ਨੁਕਸਾਨ 135 ਤੋਂ 150 ਬਿਲੀਅਨ ਡਾਲਰ ਦੇ ਵਿਚਕਾਰ ਹੋਣ ਦਾ ਅਨੁਮਾਨ ਹੈ। ਇਹ ਉਨ੍ਹਾਂ ਦੇ ਪਿਛਲੇ ਅਨੁਮਾਨ 57 ਬਿਲੀਅਨ ਅਮਰੀਕੀ ਡਾਲਰ ਤੋਂ ਕਾਫ਼ੀ ਵੱਧ ਹੈ।

ਅੱਗ ਨੇ ਪ੍ਰਸ਼ਾਂਤ ਤੱਟ ਤੋਂ ਲੈ ਕੇ Pasadena ਤੱਕ ਦੇ ਇਲਾਕਿਆਂ ਨੂੰ ਤਬਾਹ ਕਰ ਦਿੱਤਾ ਹੈ, ਕਈ ਵੱਡੀਆਂ ਅੱਗਾਂ ਅਜੇ ਵੀ ਸੜ ਰਹੀਆਂ ਹਨ, ਜਿਸ ਵਿੱਚ Pasadena ਵਿੱਚ ਈਟਨ ਅੱਗ ਅਤੇ San Fernando Valley ਵਿੱਚ Kenneth ਦੀ ਅੱਗ ਸ਼ਾਮਲ ਹੈ। ਅੱਗ ਬੁਝਾਊ ਦਸਤੇ ਤੇਜ਼ ਹਵਾਵਾਂ ਅਤੇ ਖੁਸ਼ਕ ਸਥਿਤੀਆਂ ਕਾਰਨ ਅੱਗ ’ਤੇ ਕਾਬੂ ਪਾਉਣ ਲਈ ਸੰਘਰਸ਼ ਕਰ ਰਹੇ ਹਨ, ਜੋ ਅਗਲੇ ਹਫਤੇ ਤੱਕ ਜਾਰੀ ਰਹਿਣ ਦੀ ਉਮੀਦ ਹੈ।

ਰਾਸ਼ਟਰਪਤੀ ਜੋ ਬਾਈਡੇਨ ਨੇ ਪ੍ਰਭਾਵਿਤ ਭਾਈਚਾਰਿਆਂ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ, ਪਰ ਉਨ੍ਹਾਂ ਦਾ ਕਾਰਜਕਾਲ ਛੇਤੀ ਹੀ ਖਤਮ ਹੋ ਰਿਹਾ ਹੈ, ਇਹ ਸਪੱਸ਼ਟ ਨਹੀਂ ਹੈ ਕਿ ਡੋਨਾਲਡ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਸਥਿਤੀ ਕਿਵੇਂ ਸਾਹਮਣੇ ਆਵੇਗੀ। ਇਸ ਦੌਰਾਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਸੰਕਟ ’ਤੇ ਧਿਆਨ ਕੇਂਦਰਿਤ ਕਰਨ ਲਈ ਆਪਣੀ ਆਉਣ ਵਾਲੀ ਵਿਦੇਸ਼ ਯਾਤਰਾ ਰੱਦ ਕਰ ਦਿੱਤੀ ਹੈ। ਕੈਨੇਡਾ ਨੇ ਵੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ, ਜਿਸ ਵਿੱਚ 250 ਫਾਇਰ ਫਾਈਟਰ ਅਤੇ ਉਪਕਰਣ ਤਾਇਨਾਤ ਕਰਨ ਲਈ ਤਿਆਰ ਹਨ। ਅੱਗ ਕਾਰਨ ਹਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਘਰ ਸੜ ਚੁੱਕੇ ਹਨ, ਜਿਨ੍ਹਾਂ ’ਚ ਮਸ਼ਹੂਰ ਅਦਾਕਾਰ Anthony Hopkins, Paris Hilton, Ben Affleck ਅਤੇ ਆਸਟ੍ਰੇਲੀਆਈ ਅਦਾਕਾਰ Benjamin Rigby ਸ਼ਾਮਲ ਹਨ।

ਤਿੰਨ ਫ਼ਿਲਮ ਪੁਰਸਕਾਰ ਸਮਾਰੋਹ ਮੁਲਤਵੀ ਕਰ ਦਿੱਤੇ ਗਏ ਹਨ ਜੋ ਇਸੇ ਹਫ਼ਤੇ ਹੋਣੇ ਸਨ। ਇਹੀ ਨਹੀਂ ਅਗਲੇ ਹਫ਼ਤੇ ਐਲਾਨੀਆਂ ਜਾਣ ਵਾਲੀਆਂ ਆਸਕਰ ਫ਼ਿਲਮ ਨਾਮਜ਼ਦਗੀਆਂ ਨੂੰ ਵੀ ਹਾਲ ਦੀ ਘੜੀ ਟਾਲ ਦਿੱਤਾ ਗਿਆ ਹੈ।