ਮੈਲਬਰਨ ’ਚ ਗੈਂਗਵਾਰ, ਖ਼ਤਰਨਾਕ ਅਪਰਾਧੀ ਦਾ ਗੋਲੀਆਂ ਮਾਰ ਕੇ ਕਤਲ

ਮੈਲਬਰਨ : ਮੈਲਬਰਨ ’ਚ ਇੱਕ ਖ਼ਤਰਨਾਕ ਅਪਰਾਧੀ ਦਾ ਬੀਤੀ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 33 ਸਾਲ ਦੇ Hawre Sherwani ’ਤੇ ਕਲ ਰਾਤ 10:30 ਵਜੇ Caroline Springs ’ਚ ਉਸ ਦੇ ਘਰ ਤੋਂ ਥੋੜ੍ਹੀ ਦੂਰ ਹੀ ਹਮਲਾ ਕੀਤਾ ਗਿਆ ਸੀ ਜਦੋਂ ਉਹ ਕਾਰ ’ਚ ਹੀ ਸੀ। ਜ਼ਖ਼ਮੀ ਹੋਣ ਤੋਂ ਬਾਅਦ ਉਸ ਨੇ ਕਾਰ ਤੋਂ ਨਿਕਲ ਕੇ ਨੇੜਲੇ ਮਕਾਨ ’ਚ ਮਦਦ ਮੰਗਣ ਗਿਆ ਪਰ ਦਰਵਾਜ਼ੇ ਅੱਗੇ ਡਿੱਗ ਕੇ ਬੇਹੋਸ਼ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ।

ਇਸ ਹਮਲੇ ਤੋਂ ਬਾਅਦ ਇਕ ਵੱਡੀ ਜਾਂਚ ਚੱਲ ਰਹੀ ਹੈ। ਪੁਲਿਸ ਨੇ ਇਸ ਨੂੰ ‘ਬਹੁਤ ਚਿੰਤਾਜਨਕ’ ਹਮਲਾ ਦੱਸਿਆ ਹੈ ਅਤੇ ਸ਼ੱਕ ਹੈ ਕਿ ਬਦਲੇ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਘਟਨਾ ਵਾਲੀ ਥਾਂ ਤੋਂ ਸਵੇਰੇ ਇੱਕ ਬੰਦੂਕ ਅਤੇ ਦਰਜਨਾਂ ਗੋਲੀਆਂ ਦੇ ਢੇਰ ਸੜਕ ’ਤੇ ਫੈਲੇ ਮਿਲੇ।

Sherwani ਕਥਿਤ ਤੌਰ ’ਤੇ Comanchero bikie gang ਨਾਲ ਜੁੜਿਆ ਹੋਇਆ ਸੀ ਅਤੇ ਪਿਛਲੇ 10 ਸਾਲਾਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ, ਬੰਦੂਕ ਅਪਰਾਧ ਅਤੇ ਸਟੈਂਡਓਵਰ ਗਤੀਵਿਧੀਆਂ ਲਈ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਕ੍ਰਾਈਮ ਕਮਾਂਡ ਦੀ ਡਿਟੈਕਟਿਵ ਸੁਪਰਡੈਂਟ Janet Stevenson ਨੇ ਕਿਹਾ ਕਿ ਉਹ ਸ਼ਾਇਦ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਕਈ ਹੋਰ ਹਮਲਿਆਂ ਦਾ ਸ਼ਿਕਾਰ ਰਿਹਾ ਹੈ।

Stevenson ਨੇ ਕਿਹਾ ਕਿ ਪੁਲਿਸ ਦਾ ਮੰਨਣਾ ਹੈ ਕਿ ਗੋਲੀਬਾਰੀ ਵਿਚ ਸ਼ਾਮਲ ਘੱਟੋ-ਘੱਟ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਲੋਕਾਂ ਤੋਂ ਗੋਲੀਬਾਰੀ ਅਤੇ ਕਾਰ ਨੂੰ ਅੱਗ ਲੱਗਣ ਦੇ ਸਮੇਂ ਖੇਤਰ ਤੋਂ ਡੈਸ਼ਕੈਮ ਫੁਟੇਜ ਦੀ ਮੰਗ ਕਰ ਰਹੀ ਹੈ।