ਮੈਲਬਰਨ : ਮੈਲਬਰਨ ਦੀ ਇਕ ਕੌਂਸਲ ਵੱਲੋਂ ਸੁਰੱਖਿਅਤ ਕਰਾਰ ਦਿੱਤਾ ਗਿਆ ਇਕ ਦਰੱਖਤ ਕਲ ਇੱਕ ਘਰ ’ਤੇ ਡਿੱਗ ਗਿਆ। ਉਸ ਘਰ ਅੰਦਰ ਬੈਠੀ ਇੱਕ ਮਾਂ ਅਤੇ ਉਸ ਦੇ ਦੋ ਬੇਟਿਆਂ ਦੀ ਜਾਨ ਵਾਲ-ਵਾਲ ਬਚੀ।
ਪਰਿਵਾਰ ਨੇ ਕਈ ਵਾਰੀ Merri-bek City Council ਕੋਲ ਚਿੰਤਾ ਜ਼ਾਹਰ ਕੀਤੀ ਸੀ ਕਿ ਦਰੱਖਤ ਡਿੱਗ ਸਕਦਾ ਹੈ, ਅਤੇ ਕੱਲ੍ਹ ਦੁਪਹਿਰ ਸੱਚਮੁਚ ਅਜਿਹਾ ਹੋ ਗਿਆ। ਦੁਪਹਿਰ ਦੇ ਖਾਣੇ ਸਮੇਂ ਗੱਮ ਟ੍ਰੀ Coburg ਦੇ ਘਰ ’ਤੇ ਅਚਾਨਕ ਡਿੱਗ ਪਿਆ। Tania Kanaan ਉਸ ਸਮੇਂ ਆਪਣੇ ਨਵਜੰਮੇ ਅਤੇ ਇਕ ਸਾਲ ਦੇ ਬੱਚੇ ਨਾਲ ਅੰਦਰ ਸੀ। ਡਰ ਦੇ ਮਾਰੇ ਉਹ ਤੁਰੰਤ ਦੋਵੇਂ ਬੱਚਿਆਂ ਨੂੰ ਲੈ ਕੇ ਸੁਰੱਖਿਅਤ ਸਥਾਨ ਵਲ ਭੱਜੀ। Tania ਨੇ ਕਿਹਾ ਕਿ ਸਤੰਬਰ ਵਿੱਚ ਕੌਂਸਲ ਵੱਲੋਂ ਰੁੱਖ ਦਾ ਮੁਲਾਂਕਣ ਕੀਤਾ ਗਿਆ ਸੀ। ਉਸ ਨੇ ਕਿਹਾ, ‘‘ਉਨ੍ਹਾਂ ਮੈਨੂੰ ਭਰੋਸਾ ਦਿੱਤਾ ਕਿ ਰੁੱਖ ਠੋਸ ਸੀ ਅਤੇ ਦਰੱਖਤ ਡਿੱਗਣ ਨਾਲੋਂ ਮੇਰੀ ਕੁਦਰਤੀ ਕਾਰਨਾਂ ਕਰਕੇ ਮਰਨ ਦੀ ਸੰਭਾਵਨਾ ਵਧੇਰੇ ਹੈ। ਲਗਦੈ ਕੌਂਸਲ ਨੂੰ ਲੋਕਾਂ ਦੀ ਜਾਨ ਨਾਲੋਂ ਵੀ ਵੱਧ ਪਿਆਰੇ ਦਰੱਖਤ ਨੇ।’’
ਉਨ੍ਹਾਂ ਦੇ ਪਤੀ Kamal Kanaan ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਕੌਂਸਲ ਲਈ ਜਾਗਣ ਦਾ ਸਮਾਂ ਹੈ। ਉਨ੍ਹਾਂ ਨੂੰ ਆਪਣੇ ਲੋਕਾਂ ਦੀ ਸੁਰੱਖਿਆ ਪ੍ਰਦਾਨ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਜ਼ਰੂਰਤ ਹੈ।’’ ਹਾਲਾਂਕਿ ਮੀਡੀਆ ਨੂੰ ਦਿੱਤੇ ਇਕ ਬਿਆਨ ਵਿਚ Merri-bek City Council ਨੇ ਕਿਹਾ ਕਿ ਰੁੱਖ ਦਾ ਮੁਲਾਂਕਣ ਕੀਤਾ ਗਿਆ ਕਿ ਇਹ ਅਸਥਿਰਤਾ ਜਾਂ ਢਾਂਚਾਗਤ ਮੁੱਦਿਆਂ ਦੇ ਕੋਈ ਸੰਕੇਤ ਨਹੀਂ ਦਿਖਾ ਰਿਹਾ ਸੀ।