ਨੌਰਥ ਤਸਮਾਨੀਆ ’ਚ ਪਹਿਲੇ ਗੁਰਦੁਆਰੇ ਦੀ ਸੇਵਾ ਲਈ ਮੈਲਬਰਨ ਤੋਂ ਪੁੱਜੇ ਸੇਵਾਦਾਰ

ਮੈਲਬਰਨ (ਅਵਤਾਰ ਸਿੰਘ ਟਹਿਣਾ) : ਆਸਟ੍ਰੇਲੀਆ ਦੀ ਟਾਪੂਨੁਮਾ ਸਟੇਟ ਤਸਮਾਨੀਆ ਦੇ ਨੌਰਥ ’ਚ ਸਥਿਤ ਸ਼ਹਿਰ ਲਾਓਨਸੈਸਟਨ ’ਚ ਬਣਨ ਵਾਲੇ ਗੁਰਦੁਆਰੇ ਦੀ ਸੇਵਾ ਵਾਸਤੇ ਕਰੀਬ ਇੱਕ ਦਰਜਨ ਸੇਵਾਦਾਰ ਮੈਲਬਰਨ ਪੁੱਜ ਗਏ ਹਨ। ਅੱਜ ਗੁਰਦੁਆਰਾ ਸਿੰਘ ਸਭਾ ਕਰੇਗੀਬਰਨ ’ਚ ਸੇਵਾਦਾਰਾਂ ਨੇ ਸੰਗਤ ਨੂੰ ਆਪਣੀਆਂ ਕਿਰਤ ਕਮਾਈਆਂ ’ਚੋਂ ਤਿਲ-ਫੁੱਲ ਭੇਟ ਕਰਨ ਲਈ ਅਪੀਲ ਕੀਤੀ।

ਮੁੱਖ ਸੇਵਾਦਾਰ ਸ. ਕਰਮਜੀਤ ਸਿੰਘ ਦੀ ਅਗਵਾਈ ’ਚ ਇਸ ਗੁਰੂਘਰ ’ਚ ਸੇਵਾਦਾਰਾਂ ਨੇ ਦੋ ਕਾਊਂਟਰ ਲਾਏ ਹੋਏ ਹਨ ਅਤੇ ਐਫਟਪੋਸ ਮਸ਼ੀਨ ਵੀ ਉਪਲੱਬਧ ਹੈ ਤਾਂ ਜੋ ਕੈਸ਼ ਦੀ ਅਣਹੋਂਦ ’ਚ ਸੰਗਤ ਨੂੰ ਪ੍ਰੇਸ਼ਾਨੀ ਨਾ ਆਵੇ। ਇਹ ਕਾਊਂਟਰ ਕੱਲ੍ਹ 1 ਪਹਿਲੀ ਜਨਵਰੀ ਨੂੰ ਵੀ ਲੱਗੇਗਾ ਅਤੇ ਉਸੇ ਦਿਨ ਹੌਪਰ ਕਰੌਸਿੰਗ ’ਚ ਵੀ ਵੱਖਰਾ ਕਾਊਂਟਰ ਲਾਇਆ ਜਾਵੇਗਾ।

ਇਸ ਮੌਕੇ ਗੁਰੂਘਰ ਦੇ ਸੇਵਾਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੇਵਾਦਾਰ ਆਸਟ੍ਰੇਲੀਆ ਦੀ ਕੈਪੀਟਲ ਸਿਟੀ ਕੈਨਬਰਾ ਅਤੇ ਐਡੀਲੇਡ ’ਚ ਜਾ ਕੇ ਸੰਗਤ ਨੂੰ ਅਪੀਲ ਕਰ ਚੁੱਕੇ ਹਨ ਅਤੇ ਅਗਲੇ ਸਮੇਂ ਦੌਰਾਨ ਹੋਰ ਸ਼ਹਿਰਾਂ ’ਚ ਵੀ ਜਾਣਗੇ। ਉਨ੍ਹਾਂ ਦੱਸਿਆ ਕਿ ਲਾਓਨਸੈਸਟਨ ਗੁਰੂਘਰ ਦੀ ਸ਼ੁਰੂਆਤ ਸ. ਕੁਲਵੰਤ ਸਿੰਘ ਢਿੱਲੋਂ ਅਤੇ ਬੀਬੀ ਮਹਿੰਦਰ ਕੌਰ ਢਿੱਲੋਂ ਵੱਲੋਂ ਆਪਣੇ ਘਰ ’ਚ ਹੀ ਕੀਤੀ ਗਈ ਸੀ ਜੋ ਸਾਲ 1969 ’ਚ ਨੌਰਥ ਤਸਮਾਨੀਆ ਆ ਕੇ ਵੱਸੇ ਸਨ। ਉਨ੍ਹਾਂ ਆਪਣੇ ਘਰ ’ਚੋਂ ਹੀ ਸੰਗਤ ਵਾਸਤੇ ਗੁਰੂਘਰ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਸਨ ਤਾਂ ਜੋ ਸੰਗਤ ਇੱਕ ਥਾਂ ਆ ਕੇ ਗੁਰਬਾਣੀ ਦਾ ਗੁਣਗਾਨ ਕਰ ਸਕਣ।

ਮਨਦੀਪ ਨੇ ਦੱਸਿਆ ਕਿ ਨਵੇਂ ਬਣਨ ਵਾਲੇ ਗੁਰੂਘਰ ਲਈ ਜ਼ਮੀਨ ਵੀ ਇਸੇ ਜੋੜੇ ਵੱਲੋਂ ਦਾਨ ਕੀਤੀ ਗਈ ਹੈ, ਜਦੋਂ ਕਿ ਉਸਾਰੀ ਦਾ ਕੰਮ ਅਕਾਲ ਸਿੱਖ ਸੁਸਾਇਟੀ ਲਾਓਨਸੈਸਟਨ ਦੇ ਉਪਰਾਲੇ ਅਤੇ ਸੰਗਤ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਵਧ ਕੇ ਚੜ੍ਹ ਕੇ ਸੇਵਾ ’ਚ ਹਿੱਸਾ ਪਾਇਆ ਜਾਵੇ ਜੋ ਸਿੱਖਾਂ ਦੀ ਸੀਮਤ ਅਬਾਦੀ ਵਾਲੀ ਸਟੇਟ ਤਸਮਾਨੀਆ ’ਚ ਵੀ ਗੁਰੂਘਰ ਬਣ ਸਕੇ।