ਕਿਤੇ ਗਰਮੀ ਅਤੇ ਕਿਤੇ ਮੀਂਹ, ਜਾਣੋ ਨਵੇਂ ਸਾਲ ਦੇ ਪਹਿਲੇ ਦਿਨ ਕਿਹੋ ਜਿਹਾ ਰਹੇਗਾ ਆਸਟ੍ਰੇਲੀਆ ਦਾ ਮੌਸਮ

ਮੈਲਬਰਨ : ਆਸਟ੍ਰੇਲੀਆ ਦੇ ਲੋਕ ਨਵੇਂ ਸਾਲ ਦੇ ਦਿਨ ਗਰਮ ਤਾਪਮਾਨ ਅਤੇ ਸਾਫ ਅਸਮਾਨ ਦਾ ਅਨੰਦ ਲੈਣ ਲਈ ਤਿਆਰ ਹਨ, ਜ਼ਿਆਦਾਤਰ ਕੈਪੀਟਲ ਸਿਟੀਜ਼ ਵਿੱਚ ਸੁਹਾਵਣੇ ਮੌਸਮ ਦਾ ਅਨੁਭਵ ਕੀਤਾ ਜਾ ਰਿਹਾ ਹੈ। ਹਾਲਾਂਕਿ, ਵੈਸਟਰਨ ਆਸਟ੍ਰੇਲੀਆ, ਈਸਟ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ (NSW) ਦੇ ਕੁਝ ਹਿੱਸਿਆਂ ਵਿੱਚ ਮੀਂਹ ਅਤੇ ਤੂਫਾਨ ਦਾ ਅਨੁਭਵ ਹੋਵੇਗਾ।

NSW ਦੀ ਗੱਲ ਕਰੀਏ ਤਾਂ ਸਿਡਨੀ ਵਿੱਚ ਸਾਰਾ ਦਿਨ ਧੁੱਪ ਰਹੇਗੀ ਅਤੇ ਤਾਪਮਾਨ 29 ਡਿਗਰੀ ਸੈਲਸੀਅਸ ਤਕ ਪਹੁੰਚ ਸਕਦਾ ਹੈ। ਸਟੇਟ ਦੇ ਨੌਰਥ-ਈਸਟ ਵਿੱਚ ਮੀਂਹ ਅਤੇ ਤੂਫਾਨ ਆਉਣ ਦੀ ਸੰਭਾਵਨਾ ਹੈ। ਵਿਕਟੋਰੀਆ ਦੇ ਮੈਲਬਰਨ ਵਿੱਚ ਮੌਸਮ ਠੰਢਾ ਰਹੇਗਾ ਜਿੱਥੇ ਤਾਪਮਾਨ 23 ਡਿਗਰੀ ਸੈਲਸੀਅਸ ਤਕ ਪਹੁੰਚਣ ਦੀ ਸੰਭਾਵਨਾਂ ਹੈ। ਹਾਲਾਂਕਿ ਸਟੇਟ ਦੇ ਅੰਦਰੂਨੀ ਖੇਤਰਾਂ ਵਿੱਚ ਗਰਮੀ ਵਧੇਗੀ ਅਤੇ ਤਾਪਮਾਨ 33-34 ਡਿਗਰੀ ਸੈਲਸੀਅਸ ਤਕ ਪਹੁੰਚ ਸਕਦਾ ਹੈ।

ਕੁਈਨਜ਼ਲੈਂਡ ਦੇ ਅੰਦਰੂਨੀ ਇਲਾਕਿਆਂ ਵਿੱਚ ਤੂਫਾਨ ਆਉਣ ਦੀ ਸੰਭਾਵਨਾ ਹੈ, ਜਿਸ ਵਿੱਚ ਵੱਡੇ ਪੱਧਰ ’ਤੇ ਗੜੇਮਾਰੀ ਹੋਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਪਰ ਬ੍ਰਿਸਬੇਨ ਅਤੇ ਗੋਲਡ ਕੋਸਟ ਤੇ ਸਨਸ਼ਾਈਨ ਕੋਸਟ ਇਲਾਕਿਆਂ ਵਿੱਚ ਧੁੱਪ ਰਹਿਣ ਦੀ ਸੰਭਾਵਨਾ ਹੈ।

ਸਾਊਥ ਆਸਟ੍ਰੇਲੀਆ ’ਚ ਮੌਸਮ ਗਰਮ ਅਤੇ ਖੁਸ਼ਕ ਰਹੇਗਾ। ਸਾਫ ਅਸਮਾਨ ਨਾਲ ਇੱਥੇ ਤਾਪਮਾਨ 28-40 ਡਿਗਰੀ ਸੈਲਸੀਅਸ ਵਿਚਕਾਰ ਰਹੇਗਾ। ਵੈਸਟਰਨ ਆਸਟ੍ਰੇਲੀਆ ’ਚ ਤੇਜ਼ ਗਰਮੀ ਦੀ ਸਥਿਤੀ ਰਹੇਗੀ ਅਤੇ ਪਰਥ ’ਚ ਤਾਪਮਾਨ 39 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਕਿੰਬਰਲੇ ਅਤੇ ਪਿਲਬਾਰਾ ਵਿੱਚ ਤੂਫਾਨ ਆਉਣ ਦੀ ਸੰਭਾਵਨਾ ਹੈ।

ACT ’ਚ ਵੀ ਗਰਮੀ ਰਹੇਗੀ ਅਤੇ ਤਾਪਮਾਨ 32 ਡਿਗਰੀ ਸੈਲਸੀਅਸ ਤਕ ਪਹੁੰਚ ਸਕਦਾ ਹੈ। ਤਸਮਾਨੀਆ ’ਚ ਮੌਸਮ ਠੰਢਾ ਰਹੇਗਾ ਅਤੇ ਤਾਪਮਾਨ 17-22 ਡਿਗਰੀ ਸੈਲਸੀਅਸ ਵਿਚਕਾਰ ਰਹੇਗਾ। ਇੱਥੇ ਹਲਕਾ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਨੌਰਦਰਨ ਟੈਰੀਟਰੀ ’ਚ ਮੌਸਮ ਗਰਮ ਰਹੇਗਾ। ਡਾਰਵਿਨ ’ਚ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਪਹੁੰਚਣ ਅਤੇ ਦੁਪਹਿਰ ਤੋਂ ਬਾਅਦ ਮੀਂਹ ਅਤੇ ਤੂਫਾਨ ਦੀ ਸੰਭਾਵਨਾ ਹੈ।