ਸਾਊਥ ਆਸਟ੍ਰੇਲੀਅਨ MP ਦੇ ਦਫ਼ਤਰ ਦਾ ਵਰਾਂਡਾ ਤੀਜੀ ਵਾਰੀ ਹੋਇਆ ਢਹਿ-ਢੇਰੀ, ਰੋਡ ਟ੍ਰੇਨ ਟਰੱਕ ਡਰਾਈਵਰ ਗ੍ਰਿਫਤਾਰ

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਸੰਸਦ ਮੈਂਬਰ Tony Piccolo ਦੇ ਦਫਤਰ ਨਾਲ ਟੱਕਰ ਮਾਰਨ ਦੇ ਦੋਸ਼ ’ਚ ਇਕ ਰੋਡ ਟ੍ਰੇਨ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਟੱਕਰ ਕਾਰਨ ਇਮਾਰਤ ਦੇ ਵਰਾਂਡੇ ਅਤੇ ਪਾਰਕ ਕੀਤੀਆਂ ਦੋ ਕਾਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 10 ਵਜੇ Adelaide ਦੇ ਉੱਤਰ ’ਚ Gawler ’ਚ Murray Street ’ਤੇ ਵਾਪਰੀ। ਵੈਸਟਰਨ ਆਸਟ੍ਰੇਲੀਆ ਦਾ ਰਹਿਣ ਵਾਲਾ 57 ਸਾਲ ਦਾ ਡਰਾਈਵਰ ਮੌਕੇ ਤੋਂ ਭੱਜ ਗਿਆ ਪਰ ਉਸ ਨੂੰ Sedan ’ਚ ਫੜ ਲਿਆ ਗਿਆ ਅਤੇ ਮੌਕੇ ’ਤੇ ਨਾ ਰੁਕਣ ਲਈ ਗ੍ਰਿਫਤਾਰ ਕਰ ਲਿਆ ਗਿਆ। ਉਸ ’ਤੇ ਖਤਰਨਾਕ ਢੰਗ ਨਾਲ ਤੇਜ਼ ਰਫਤਾਰ ’ਤੇ ਗੱਡੀ ਚਲਾਉਣ ਅਤੇ ਹਾਦਸੇ ਵਾਲੀ ਥਾਂ ’ਤੇ ਰੁਕਣ ’ਚ ਅਸਫਲ ਰਹਿਣ ਦਾ ਦੋਸ਼ ਲਗਾਇਆ ਗਿਆ ਹੈ।

ਇਸ ਹਾਦਸੇ ਨੇ ਇਲਾਕੇ ਵਿੱਚ ਭਾਰੀ ਗੱਡੀਆਂ ਦੀ ਆਵਾਜਾਈ ਬਾਰੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ, ਖ਼ਾਸਕਰ Gawler ਦੀ ਆਬਾਦੀ ਵਿੱਚ ਵਾਧੇ ਨੂੰ ਦੇਖਦੇ ਹੋਏ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਗੱਡੀ ਨੇ ਵਰਾਂਡੇ ਨੂੰ ਨੁਕਸਾਨ ਪਹੁੰਚਾਇਆ ਹੈ, ਸੰਸਦ ਮੈਂਬਰ Tony Piccolo ਨੇ ਕਿਹਾ ਕਿ ਅਜਿਹਾ ਪਹਿਲਾਂ ਵੀ ਦੋ ਵਾਰ ਹੋ ਚੁੱਕਾ ਹੈ। ਸਥਾਨਕ ਕੌਂਸਲ Finniss Street ਲਈ ਵਾਧੂ ਸਾਈਨਬੋਰਡ ਲਗਾਉਣ ’ਤੇ ਵਿਚਾਰ ਕਰ ਰਹੀ ਹੈ, ਜੋ ਇਕ ਤੰਗ ਸੜਕ ਹੈ ਜੋ ਮੁੱਖ ਸੜਕ ਨੂੰ ਨੇੜਲੇ ਸੁਪਰਮਾਰਕੀਟ ਨਾਲ ਜੋੜਦੀ ਹੈ। ਡਰਾਈਵਰ ਨੂੰ ਸੋਮਵਾਰ ਨੂੰ ਐਲਿਜ਼ਾਬੈਥ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।