ਮੈਲਬਰਨ ਦੇ ਪੋਸਟ ਆਫ਼ਿਸ ’ਚੋਂ 80 ਕ੍ਰਿਸਮਸ ਤੋਹਫ਼ੇ ਲੈ ਭੱਜਿਆ ਚੋਰ

ਮੈਲਬਰਨ : ਮੈਲਬਰਨ ਦੇ ਦੱਖਣ-ਪੂਰਬੀ ਇਲਾਕੇ ’ਚ ਪਿਛਲੇ ਹਫਤੇ ਇਕ ਪੋਸਟ ਆਫ਼ਿਸ ’ਚੋਂ 80 ਪਾਰਸਲ ਗਾਇਬ ਹੋਣ ਦੇ ਮਾਮਲੇ ’ਚ ਇਕ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਵਿਅਕਤੀ ਮੰਗਲਵਾਰ, 17 ਦਸੰਬਰ ਨੂੰ ਤੜਕੇ 4:30 ਵਜੇ Florence Street, Mentone ਵਿਖੇ ਪੋਸਟ ਆਫ਼ਿਸ ਵਿੱਚ ਲੋਹੇ ਦੀ ਰਾਡ ਨਾਲ ਦਾਖਲ ਹੋਇਆ।

ਪੁਲਿਸ ਦਾ ਕਹਿਣਾ ਹੈ ਕਿ ਅੰਦਰ ਜਾਣ ਤੋਂ ਬਾਅਦ ਉਸ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਪਾਰਸਲ ਲੋਡ ਕਰਨ ਲਈ ਟਰਾਲੀ ਦੀ ਵਰਤੋਂ ਕੀਤੀ। ਉਸ ਨੂੰ ਦਿੱਖ ਵਿੱਚ ਗੋਰੀ ਨਸਲ ਦਾ ਦੱਸਿਆ ਗਿਆ ਹੈ, ਲਗਭਗ 175 ਸੈਂਟੀਮੀਟਰ ਲੰਬਾ, ਤਕੜੀ ਸਿਹਤ ਵਾਲਾ, ਸਿੱਧੇ ਕਾਲੇ ਵਾਲਾਂ ਵਾਲਾ।

ਉਸ ਨੂੰ ਆਖਰੀ ਵਾਰ ਕਾਲੇ ਦਸਤਾਨੇ, ਕਾਲੀ ਸਿਕਿਉਰਿਟੀ ਜੈਕੇਟ, ਭੂਰੇ ਰੰਗ ਦੇ ਜੁੱਤੇ ਅਤੇ ਚਿਹਰੇ ਨੂੰ ਕਾਲੇ ਨਕਾਬ ’ਚ ਦੇਖਿਆ ਗਿਆ ਸੀ। ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕ੍ਰਾਈਮ ਸਟਾਪਰਜ਼ ਨਾਲ 1800 333 000 ਜਾਂ ਆਨਲਾਈਨ ਸੰਪਰਕ ਕਰਨ।