ਮੈਲਬਰਨ : ਪੈਰਾਸੀਟਾਮੋਲ ਆਸਟ੍ਰੇਲੀਆ ’ਚ ਵਿਕਣ ਵਾਲੀ ਸਭ ਤੋਂ ਆਮ ਦਵਾਈ ਹੈ ਪਰ ਛੇਤੀ ਹੀ ਇਸ ਨੂੰ ਵੱਡੀ ਮਾਤਰਾ ’ਚ ਖ਼ਰੀਦਣਾ ਮੁਸ਼ਕਲ ਹੋਣ ਵਾਲਾ ਹੈ। ਫਰਵਰੀ ਤੋਂ, ਪੈਰਾਸੀਟਾਮੋਲ ਦੀਆਂ ਗੋਲੀਆਂ ਦੇ ਪੈਕ ਦਾ ਆਕਾਰ ਸੁਪਰਮਾਰਕੀਟਾਂ ਅਤੇ ਕਨਵੀਨੀਐਂਟ ਸਟੋਰਾਂ ’ਤੇ 20 ਦੀ ਬਜਾਏ 16 ਗੋਲੀਆਂ ਅਤੇ ਫਾਰਮਾਸਿਸਟ ਦੀ ਨਿਗਰਾਨੀ ਤੋਂ ਬਗੈਰ ਫਾਰਮੇਸੀਆਂ ਵਿੱਚ 50 ਗੋਲੀਆਂ ਤੱਕ ਘਟਾ ਦਿੱਤਾ ਜਾਵੇਗਾ। 100 ਗੋਲੀਆਂ ਦਾ ਪੈਕੇਟ ਡਾਕਟਰ ਦੀ ਪਰਚੀ ਤੋਂ ਬਗ਼ੈਰ ਨਹੀਂ ਵੇਚਿਆ ਜਾ ਸਕੇਗਾ। ਇਹ ਫੈਸਲਾ ਦੇਸ਼ ਭਰ ’ਚ ਵਧਦੀ ਜਾ ਰਹੀ ਪੈਰਾਸੀਟਾਮੋਲ ਦੀ ਓਵਰਡੋਜ਼ ਦੀ ਸਮੱਸਿਆ ਨੂੰ ਘਟਾਉਣ ਲਈ ਚੁਕਿਆ ਗਿਆ ਹੈ। ਭਾਵਨਾਵਾਂ ’ਚ ਵਹਿ ਕੇ ਜਾਂ ਗੁੱਸੇ ’ਚ ਆ ਕੇ ਲੋਕ ਵੱਡੀ ਮਾਤਰਾ ’ਚ ਪੈਰਾਸੀਟਾਮੋਲ ਦੀਆਂ ਗੋਲੀਆਂ ਖਾ ਕੇ ਆਪਣੇ ਲਿਵਰ ਨੂੰ ਖ਼ਰਾਬ ਕਰ ਲੈਂਦੇ ਹਨ।
ਅੰਕੜੇ ਦਰਸਾਉਂਦੇ ਹਨ ਕਿ ਪੈਰਾਸੀਟਾਮੋਲ ਓਵਰਡੋਜ਼ ਦੇ ਮਾਮਲਿਆਂ ਵਿੱਚ ਨਾਬਾਲਗ ਕੁੜੀਆਂ ਦੀ ਨੁਮਾਇੰਦਗੀ ਸਭ ਤੋਂ ਜ਼ਿਆਦਾ ਹੈ, ਕੁਝ ਸਟੇਟਾਂ 17 ਸਾਲ ਤੋਂ ਘੱਟ ਉਮਰ ਦੀਆਂ ਪੀੜਤ ਕੁੜੀਆਂ ਦੀ ਗਿਣਤੀ ਵਿੱਚ 30٪ ਤੋਂ ਵੱਧ ਹੈ। ਓਵਰਡੋਜ਼ ਲੈਣ ਵਾਲੇ ਲੋਕਾਂ ਦੇ ਰਿਸ਼ਤੇਦਾਰ ਇਸ ਦਵਾਈ ਨੂੰ ਸਿਰਫ ਕਾਊਂਟਰ ਦੇ ਪਿੱਛੇ ਵੇਚਣ ਦੀ ਮੰਗ ਕਰ ਰਹੇ ਹਨ। ਆਸਟ੍ਰੇਲੀਆਈ ਮੈਡੀਕਲ ਐਸੋਸੀਏਸ਼ਨ ਪੈਕ ਦੇ ਆਕਾਰ ਵਿੱਚ ਕਟੌਤੀ ਦਾ ਸਮਰਥਨ ਕਰਦੀ ਹੈ ਪਰ ਆਦਰਸ਼ਕ ਤੌਰ ‘ਤੇ ਚਾਹੁੰਦੀ ਹੈ ਕਿ ਪੈਰਾਸੀਟਾਮੋਲ ਨੂੰ ਕਾਊਂਟਰ ਦੇ ਪਿੱਛੇ ਤੋਂ ਵੇਚਿਆ ਜਾਵੇ।