ਮੈਲਬਰਨ : ਪਿਛਲੇ ਹਫਤੇ ਸਿਡਨੀ ਹਵਾਈ ਅੱਡੇ ਨੇੜੇ ਜਿਸ ਔਰਤ ਦੀ ਲਾਸ਼ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਲਪੇਟੀ ਮਿਲੀ ਸੀ, ਉਸ ਦੀ ਪਛਾਣ ਕਰ ਲਈ ਗਈ ਹੈ। 33 ਸਾਲ ਦੀ Zhuojun ‘Sally’ Li ਸੋਮਵਾਰ ਸਵੇਰੇ Botany ਦੇ ਸਰ ਜੋਸਫ ਬੈਂਕਸ ਪਾਰਕ ’ਚ ਮ੍ਰਿਤਕ ਮਿਲੀ ਸੀ। ਉਸ ਦੀ ਲਾਸ਼ ਬੁਰੀ ਤਰ੍ਹਾਂ ਸੜੀ ਹੋਈ ਸੀ। ਸ਼ਨੀਵਾਰ ਨੂੰ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ Greenacre ਵਾਸੀ ਇਹ ਔਰਤ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਲਾਪਤਾ ਹੋ ਗਈ ਸੀ। ਉਸ ਦੀ ਮਾਂ ਨੇ ਪੁਲਿਸ ਕੋਲ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਹੁਣ Li ਦੇ ਪਤੀ Jai-Bao ‘Rex’ Chen ਨੂੰ ਲੱਭਣ ਵਿਚ ਮਦਦ ਦੀ ਜਨਤਕ ਅਪੀਲ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ Chen ਦੀ ਭਲਾਈ ਬਾਰੇ ਵੀ ਫ਼ਿਕਰਮੰਦ ਹੈ।
ਪੁਲਿਸ ਨੇ ਇੱਕ ਸਿਲਵਰ ਰੰਗ ਦੀ ਦੀ Toyota Avensis ਗੱਡੀ ਦਾ CCTV ਵੀ ਜਾਰੀ ਕੀਤਾ ਹੈ ਜੋ ਸ਼ਨੀਵਾਰ, 30 ਨਵੰਬਰ ਨੂੰ ਤੜਕੇ Botany ਵਿੱਚ Foreshore ਰੋਡ ਦੇ ਨੌਰਥ ਵਲ ਰੁਕੀ ਸੀ। ਪੁਲਿਸ ਨੇ ਗੱਡੀ ਨੂੰ ਜ਼ਬਤ ਕਰ ਲਿਆ ਹੈ ਅਤੇ ਇਸ ਦੀ ਫ਼ੋਰੈਂਸਿਕ ਜਾਂਚ ਜਾਰੀ ਹੈ। NSW ਪੁਲਿਸ ਨੇ ਕਾਰ ਜਾਂ ਡਰਾਈਵਰ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।