ਮੈਲਬਰਨ : ਐਡੀਲੇਡ ਦੇ 44 ਸਾਲ ਦੇ ਇਕ ਜੋੜੇ ’ਤੇ ਪੈਸਾ ਇਕੱਠਾ ਕਰਨ ਲਈ ਆਪਣੇ 6 ਸਾਲ ਦੇ ਬੇਟੇ ਨੂੰ ਕੈਂਸਰ ਹੋਣ ਦਾ ਝੂਠ ਬੋਲਣ ਦਾ ਦੋਸ਼ ਲਗਾਇਆ ਗਿਆ ਹੈ। ਮਾਂ ਨੇ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਸੀ ਕਿ ਉਸ ਦੇ ਬੇਟੇ ਨੂੰ ਅੱਖਾਂ ਦਾ ਕੈਂਸਰ ਹੈ। ਉਸ ਨੇ ਇੱਕ GoFundMe ’ਤੇ ਇੱਕ ਕ੍ਰਾਊਡਫੰਡਿੰਗ ਪੇਜ ਵੀ ਸਥਾਪਤ ਕੀਤਾ, ਜਿਸ ਨੇ ਲਗਭਗ 60,000 ਡਾਲਰ ਇਕੱਠੇ ਕੀਤੇ। ਪੁਲਿਸ ਦਾ ਦੋਸ਼ ਹੈ ਕਿ ਜੋੜੇ ਨੇ ਲੜਕੇ ਦੀ ਬਿਮਾਰੀ ਦਾ ਨਾਟਕ ਕੀਤਾ, ਇੱਥੋਂ ਤੱਕ ਕਿ ਉਸ ਦੇ ਸਿਰ ਦੇ ਵਾਲ ਅਤੇ ਭਰਵੱਟੇ ਵੀ ਕੱਟ ਦਿੱਤੇ ਅਤੇ ਉਸ ਦੇ ਪੱਟੀਆਂ ਬੰਨ੍ਹ ਕੇ ਵ੍ਹੀਲਚੇਅਰ ’ਤੇ ਬੈਠੇ ਦੀਆਂ ਤਸਵੀਰਾਂ ਪੋਸਟ ਕੀਤੀਆਂ। ਹਾਲਾਂਕਿ ਕਿਸੇ ਨੂੰ ਇਸ ਝੂਠ ਬਾਰੇ ਪਤਾ ਲੱਗ ਗਿਆ ਅਤੇ ਉਸ ਨੈ 26 ਨਵੰਬਰ ਨੂੰ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ।
ਜੋੜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ’ਤੇ ਅਪਰਾਧਿਕ ਅਣਗਹਿਲੀ ਅਤੇ ਖ਼ੁਦ ਨੂੰ ਲਾਭ ਪਹੁੰਚਾਉਣ ਲਈ ਦੂਜੇ ਨੂੰ ਧੋਖਾ ਦੇਣ ਦੇ ਦੋ-ਦੋ ਦੋਸ਼ ਲਗਾਏ ਗਏ ਸਨ। ਮਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਜਦੋਂ ਕਿ ਪਿਤਾ ਨੂੰ ਹੋਮ ਡਿਟੈਂਸ਼ਨ ਰਿਪੋਰਟ ਦਿੱਤੀ ਗਈ ਸੀ। ਇਸ ਜੋੜੇ ਦੇ ਬੱਚਿਆਂ ਨੂੰ ਬਾਲ ਸੁਰੱਖਿਆ ਸੇਵਾਵਾਂ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਸਹਾਇਕ ਕਮਿਸ਼ਨਰ John De Candia ਨੇ ਕਿਹਾ ਕਿ ਬਿਮਾਰੀ ਦਾ ਨਾਟਕ ਕਰਨ ਨਾਲ ਬੱਚੇ ਅਤੇ ਉਸ ਦੀ ਭੈਣ ਦੀ ਮਾਨਸਿਕ ਸਿਹਤ ’ਤੇ ਮਾੜਾ ਅਸਰ ਪਾ ਸਕਦਾ ਹੈ। ਪੁਲਿਸ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ ਜਿਸ ਕੋਲ ਹੋਰ ਜਾਣਕਾਰੀ ਹੈ ਜਾਂ ਜਿਸ ਨੇ ਪਰਿਵਾਰ ਨੂੰ ਪੈਸੇ ਦਾਨ ਕੀਤੇ ਹੋ ਸਕਦੇ ਹਨ।