ਐਡੀਲੇਡ ਟੈਸਟ ਦੌਰਾਨ ਤਕਰਾਰ ’ਚ ਉਲਝਣ ਲਈ ਮੁਹੰਮਦ ਸਿਰਾਜ ਅਤੇ Travis Head ਨੂੰ ICC ਨੇ ਸੁਣਾਈ ਸਜ਼ਾ

ਮੈਲਬਰਨ : ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਆਸਟ੍ਰੇਲੀਆ ਦੇ ਬੱਲੇਬਾਜ਼ Travis Head ਨੂੰ ਐਡੀਲੇਡ ’ਚ ਦੂਜੇ ਟੈਸਟ ਮੈਚ ਦੌਰਾਨ ਤਕਰਾਰ ’ਚ ਉਲਝਣ ਲਈ ICC ਨੇ ਸਜ਼ਾ ਸੁਣਾਈ ਹੈ। ਸਿਰਾਜ ’ਤੇ ICC ਦੇ ਖਿਡਾਰੀਆਂ ਅਤੇ ਸਹਿਯੋਗੀ ਕਰਮਚਾਰੀਆਂ ਲਈ ਚੋਣ ਜ਼ਾਬਤੇ ਦੀ ਧਾਰਾ 2.5 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਇਹ ਧਾਰਾ ‘ਬੱਲੇਬਾਜ਼ ਨੂੰ ਆਊਟ ਕਰਨ ਤੋਂ ਬਾਅਦ ਭੜਕਾਊ ਭਾਸ਼ਾ, ਐਕਸ਼ਨ ਜਾਂ ਇਸ਼ਾਰੇ ਕਰਨ ਨਾਲ ਸਬੰਧਤ ਹੈ ਜਿਸ ਕਾਰਨ ਬੱਲੇਬਾਜ਼ ਭੜਕ ਸਕਦਾ ਹੈ।’

ਜ਼ਿਕਰਯੋਗ ਹੈ ਕਿ ਸਿਰਾਜ ਨੇ Head ਨੂੰ ਐਡੀਲੇਡ ਓਵਲ ’ਚ ਆਸਟ੍ਰੇਲੀਆ ਦੀ ਪਹਿਲੀ ਪਾਰੀ ਦੌਰਾਨ ਨੂੰ 141 ਦੌੜਾਂ ’ਤੇ ਆਊਟ ਕਰ ਦਿਤਾ ਸੀ ਜਿਸ ਤੋਂ ਬਾਅਦ ਦੋਹਾਂ ਵਿਚਕਾਰ ਗਰਮਾ-ਗਰਮ ਬਹਿਸ ਵੇਖਣ ਨੂੰ ਮਿਲੀ ਸੀ। ਇਸ ਘਟਨਾ ਨੇ ਟੈਸਟ ਮੈਚ ਨੂੰ ਲੈ ਕੇ ਵੱਡਾ ਵਿਵਾਦ ਪੈਦਾ ਕਰ ਦਿੱਤਾ ਸੀ। ਬਾਅਦ ’ਚ ਸਟੇਡੀਅਮ ’ਚ ਮੌਜੂਦ ਦਰਸ਼ਕ ਸਿਰਾਜ ਦੀ ਹੂਟਿੰਗ ਕਰਦੇ ਵੀ ਸੁਣਾਈ ਦਿਤੇ ਸਨ। Head ’ਤੇ ਵੀ ਧਾਰਾ 2.13 ਦੀ ਉਲੰਘਣਾ ਕਰਨ ਲਈ ਪਾਬੰਦੀ ਲਗਾਈ ਗਈ ਹੈ, ਜੋ ‘ਅੰਤਰਰਾਸ਼ਟਰੀ ਮੈਚ ਦੌਰਾਨ ਕਿਸੇ ਖਿਡਾਰੀ, ਖਿਡਾਰੀ ਸਹਾਇਤਾ ਕਰਮਚਾਰੀ, ਅੰਪਾਇਰ ਜਾਂ ਮੈਚ ਰੈਫਰੀ ਨੂੰ ਗਾਲ੍ਹ ਕੱਢਣ’ ਨਾਲ ਸਬੰਧਤ ਹੈ।

ICC ਨੇ ਸਿਰਾਜ ਅਤੇ Head ਨੂੰ ਉਨ੍ਹਾਂ ਦੇ ਅਨੁਸ਼ਾਸਨੀ ਰਿਕਾਰਡ ਦੇ ਆਧਾਰ ’ਤੇ ਇਕ-ਇਕ ਡਿਮੈਰਿਟ ਪੁਆਇੰਟ ਵੀ ਦਿੱਤਾ, ਜੋ ਪਿਛਲੇ 24 ਮਹੀਨਿਆਂ ਵਿਚ ਉਨ੍ਹਾਂ ਦਾ ਪਹਿਲਾ ਅਪਰਾਧ ਹੈ। ਗਲੋਬਲ ਗਵਰਨਿੰਗ ਬਾਡੀ ਨੇ ਪੁਸ਼ਟੀ ਕੀਤੀ ਕਿ ਦੋਵਾਂ ਖਿਡਾਰੀਆਂ ਨੇ ਆਪਣੇ-ਆਪਣੇ ਜੁਰਮ ਕਬੂਲ ਕਰ ਲਏ ਹਨ ਅਤੇ ਮੈਚ ਰੈਫਰੀ ਰੰਜਨ ਮਦੁਗਲੇ ਦੁਆਰਾ ਪ੍ਰਸਤਾਵਿਤ ਪਾਬੰਦੀਆਂ ਨੂੰ ਸਵੀਕਾਰ ਕਰ ਲਿਆ ਹੈ।

ਦਿਨ ਦਾ ਖੇਡ ਖਤਮ ਹੋਣ ਤੋਂ ਬਾਅਦ Head ਨੇ ਤਿੱਖੀ ਬਹਿਸ ਬਾਰੇ ਦਾ ਆਪਣਾ ਪੱਖ ਰੱਖਿਆ, ਅਤੇ ਕਿਹਾ ਸੀ ਕਿ ਉਸ ਨੇ ਤਾਂ ਸਿਰਾਜ ਨੂੰ ਚੰਗੀ ਗੇਂਦਬਾਜ਼ੀ ਲਈ ਵਧਾਈ ਦਿੱਤੀ ਸੀ, ਪਰ ਸਿਰਾਜ ਉਸ ਦੀ ਗੱਲ ਨੂੰ ਗ਼ਲਤ ਸਮਝ ਬੈਠਾ। ਹਾਲਾਂਕਿ ਸਿਰਾਜ ਨੇ ਕਿਹਾ ਸੀ ਕਿ ਆਸਟ੍ਰੇਲੀਆਈ ਕ੍ਰਿਕੇਟਰ ਨੇ ਪ੍ਰੈਸ ਕਾਨਫਰੰਸ ਵਿਚ ਝੂਠ ਬੋਲਿਆ ਸੀ। ਐਡੀਲੇਡ ਵਿਚ ਗੁਲਾਬੀ ਗੇਂਦ ਨਾਲ ਖੇਡੇ ਜਾ ਰਹੇ ਟੈਸਟ ਮੈਚ ਵਿਚ ਆਸਟ੍ਰੇਲੀਆ ਨੇ 10 ਵਿਕਟਾਂ ਨਾਲ ਜਿੱਤ ਦਰਜ ਕਰ ਕੇ ਪੰਜ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਸੀ।